ਹਰਿਆਣਾ ਚੋਣਾਂ ਤੋਂ ਬਾਅਦ ਹੋਵੇਗਾ ਜਾਖੜ ਦੇ ‘ਐਟਮੀ ਬੰਬ’ ਬਣੇ ਅਸਤੀਫੇ ਦਾ ਫ਼ੈਸਲਾ?
Wednesday, Oct 02, 2024 - 05:04 PM (IST)
ਲੁਧਿਆਣਾ (ਮੁੱਲਾਂਪੁਰੀ) : ਦੇਸ਼ ’ਚ ਰਾਜ ਕਰਦੀ ਭਾਜਪਾ ਦੇ ਪੰਜਾਬ ਵਿਚਲੇ ਪ੍ਰਧਾਨ ਸੁਨੀਲ ਜਾਖੜ ਨੇ ਜੋ ਭਾਜਪਾ ਤੋਂ ਅਸਤੀਫਾ ਦੇ ਕੇ ਭਾਜਪਾ ਦੇ ਹੱਥੋਂ ਤੋਤੇ ਉਡਾ ਦਿੱਤੇ ਹਨ, ਉਸ ਨੂੰ ਲੈ ਕੇ ਭਾਵੇਂ ਭਾਜਪਾ ਦੇ ਨੇਤਾ ਕੁਝ ਵੀ ਆਖੀ ਜਾਣ ਪਰ ਜਾਖੜ ਦੀ ਖਾਮੋਸ਼ੀ ਅਤੇ ਮੀਟਿੰਗਾਂ ’ਚੋਂ ਗੈਰ-ਹਾਜ਼ਰੀ ਇਹ ਸੰਕੇਤ ਦੇ ਰਹੀ ਹੈ ਕਿ ਜਾਖੜ ਨੇ ਹੁਣ ਭਾਜਪਾ ਨੂੰ ਫਤਿਹ ਬੁਲਾ ਦਿੱਤੀ ਹੈ। ਬਾਕੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਾਖੜ ਦਾ ਅਸਤੀਫਾ ਭਾਜਪਾ ਦੇ ਅੰਦਰ ਇਕ ਐਟਮ ਬੰਬ ਧਮਾਕੇ ਵਰਗਾ ਵੇਖਿਆ ਜਾ ਰਿਹਾ ਹੈ, ਜੋ ਭਾਜਪਾ ’ਚ ਵੱਡਾ ਖਲਾਅ ਪੈਦਾ ਕਰ ਗਿਆ। ਹੁਣ ਭਾਜਪਾ ’ਚ ਇਸ ਗੱਲ ਦੀ ਘੁਸਰ-ਮੁਸਰ ਹੋ ਗਈ ਹੈ ਕਿ ਭਾਜਪਾ ਹਰਿਆਣਾ ਚੋਣਾਂ ਤੋਂ ਬਾਅਦ ਜਾਖੜ ਦੇ ਅਸਤੀਫੇ ਬਾਰੇ ਕੋਈ ਫੈਸਲਾ ਲਵੇਗੀ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਜਾਖੜ ਦਾ ਅਸਤੀਫਾ ਨਾ-ਮਨਜ਼ੂਰ ਕਰਨ ਦੇ ਹੱਕ ’ਚ ਹੈ ਪਰ ਪੰਜਾਬ ਵਿਚਲੀ ਲੀਡਰਸ਼ਿਪ ਚਾਹੁੰਦੀ ਹੈ ਕਿ ਭਾਜਪਾ ਦਾ ਪ੍ਰਧਾਨ ਭਾਜਪਾ ਨੇਤਾਵਾਂ ’ਚੋਂ ਬਣਾਇਆ ਜਾਵੇ।
ਇਸ ਦੇ ਚੱਲਦੇ ਹੁਣ ਇਸ ਗੱਲ ’ਤੇ ਪੇਚ ਫਸਣ ਦੇ ਆਸਾਰ ਹਨ ਕਿ ਜੇਕਰ ਜਾਖੜ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੀ ਓਨੀ ਪਕੜ ਨਹੀਂ ਰਹਿਣੀ ਤੇ ਨਾ ਹੀ ਪੰਜਾਬ ਭਾਜਪਾ ਚਾਹੇਗੀ ਕਿ ਰਾਤੋ-ਰਾਤ ਚੋਣਾਂ ਮੌਕੇ ਪਾਰਟੀ ਨੂੰ ਦਿਨੇ ਤਾਰੇ ਦਿਖਾਉਣ ਵਾਲੇ ਨੇਤਾ ਨਾਲ ਹੁਣ ਕਿਹੜੇ ਮੂੰਹ ਨਾਲ ਚੱਲਿਆ ਜਾਵੇ। ਇਸ ਤਰ੍ਹਾਂ ਦਾ ਪੇਚਾ ਦਿੱਲੀ ਦਰਬਾਰ ਨਾਲ ਫਸ ਸਕਦਾ ਹੈ। ਬਾਕੀ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਾਂਗਰਸ ’ਚੋਂ ਗਏ ਵੱਡੇ ਨੇਤਾਵਾਂ ਨੂੰ ਵੀ ਭਾਜਪਾ ’ਚ ਸ਼ੱਕ ਦੀ ਨਜ਼ਰ ਨਾਲ ਵੇਖਣ ਵਾਲੇ ਹਾਲਾਤ ਬਣਾ ਦਿੱਤੇ ਹਨ ਕਿਉਂਕਿ ਜਾਖੜ ਦੇ ਜਾਣ ਤੋਂ ਬਾਅਦ ਹੀ ਕਈ ਕਾਂਗਰਸੀ ਭਾਜਪਾ ਦੀ ਗੱਡੀ ਚੜ੍ਹੇ ਸਨ। ਹੁਣ ਅਸਤੀਫੇ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹਨ, ਇਹ ਅਜੇ ਸਮੇਂ ਦੇ ਗਰਭ ਵਿਚ ਹੈ?