ਦੇਸ਼ ''ਚ ਮੁੜ ਕੈਸ਼ ਸੰਕਟ : ਹੁਣ ਉੱਤਰੀ-ਪੂਰਬੀ ਸੂਬਿਆਂ ''ਚ ਖਾਲੀ ਹੋਏ ਏ. ਟੀ. ਐੱਮ.

05/06/2018 10:01:36 AM

ਨਵੀਂ ਦਿੱਲੀ — ਹੁਣ ਦੇਸ਼ ਦੇ ਕਈ ਹੋਰ ਸੂਬਿਆਂ 'ਚ ਅਚਾਨਕ ਇਕ ਵਾਰ ਮੁੜ ਕੈਸ਼ ਦਾ ਸੰਕਟ ਪੈਦਾ ਹੋ ਗਿਆ ਹੈ। ਉੱਤਰੀ-ਪੂਰਬੀ ਸੂਬਿਆਂ 'ਚ ਲੋਕ ਏ. ਟੀ.  ਐੱਮਜ਼ 'ਚ ਕੈਸ਼ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਵਧੇਰੇ ਏ. ਟੀ. ਐੱਮ. ਖਾਲੀ ਹੋ ਗਏ ਹਨ। ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਹਾਟੀ ਵਿਖੇ ਰਿਜ਼ਰਵ ਬੈਂਕ ਵਲੋਂ ਕੈਸ਼ ਦੀ ਸਪਲਾਈ 'ਚ ਦੇਰੀ ਕਾਰਨ ਵਧੇਰੇ ਏ. ਟੀ. ਐੱਮਜ਼ 'ਚ ਨੋਟਾਂ ਦਾ ਸੰਕਟ ਪੈਦਾ ਹੋਇਆ ਹੈ। ਦੱਸਣਯੋਗ ਹੈ ਕਿ ਪਿੱਛਲੇ ਦਿਨੀਂ ਦੇਸ਼ ਦੇ ਕਈ ਸੂਬਿਆਂ 'ਚ ਵੀ ਏ. ਟੀ. ਐੱਮ. ਖਾਲੀ ਹੋਏ ਸਨ। 
ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਮੈਨੇਜਰ ਦੀਪਕ ਚੌਧਰੀ ਨੇ ਕਿਹਾ ਕਿ ਸਾਨੂੰ ਏ. ਟੀ. ਐੱਮਜ਼ ਨੂੰ   ਸੁਚਾਰੂ ਢੰਗ ਨਾਲ ਚਲਾਉਣ ਲਈ ਉਥੇ ਫ੍ਰੈੱਸ਼ ਨੋਟ ਚਾਹੀਦੇ ਹਨ। ਬੈਂਕ ਕੋਲ ਅਜੇ ਪੁਰਾਣੇ ਨੋਟ ਹਨ। ਅਸੀਂ ਵੱਖ-ਵੱਖ ਕੀਮਤ ਦੇ ਫ੍ਰੈਸ਼ ਨੋਟ ਤੁਰੰਤ ਭੇਜਣ ਦੀ ਮੰਗ ਕੀਤੀ ਹੈ। ਉਮੀਦ ਹੈ ਕਿ ਅਗਲੇ ਹਫਤੇ ਤਕ ਹਾਲਾਤ ਆਮ ਵਰਗੇ ਹੋ ਜਾਣਗੇ।

ਇਨ੍ਹਾਂ ਸੂਬਿਆਂ 'ਚ ਹੈ ਪ੍ਰੇਸ਼ਾਨੀ
ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮੇਘਾਲਿਆ ਅਤੇ ਮਿਜ਼ੋਰਮ 'ਚ ਇਸ ਮਹੀਨੇ ਦੇ ਪਹਿਲੇ ਹਫਤੇ 'ਚ ਹੀ ਏ. ਟੀ. ਐੱਮ. ਖਾਲੀ ਹੋਣ ਕਾਰਨ ਕੈਸ਼ ਦਾ ਸੰਕਟ ਪੈਦਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਵਿਚ ਇਸ ਕਾਰਨ ਗੁੱਸਾ ਵੀ ਪਾਇਆ ਜਾਂਦਾ ਹੈ। 
ਕਿਉਂ ਪੈਦਾ ਹੋਏ ਅਜਿਹੇ ਹਾਲਾਤ
ਨਾਗਾਲੈਂਡ 'ਚ ਆਰ. ਬੀ. ਆਈ. ਵਲੋਂ ਕਰੰਸੀ ਨੋਟਾਂ ਦੀ ਸਪਲਾਈ ਘੱਟ ਕੀਤੇ ਜਾਣ ਕਾਰਨ ਅਜਿਹੇ ਹਾਲਾਤ ਬਣੇ। ਏ. ਟੀ. ਐੱਮਜ਼ 'ਚ ਜਲਦੀ ਹੀ ਕੈਸ਼ ਪਾਇਆ ਜਾਏਗਾ। ਬੈਂਕਾਂ ਦੀਆਂ ਬ੍ਰਾਂਚਾਂ 'ਚ ਅਜੇ ਕੈਸ਼ ਮੌਜੂਦ ਹੈ ਜਿਸ ਕਾਰਨ ਰੋਜ਼ਾਨਾ ਦਾ ਲੈਣ-ਦੇਣ ਹੋ ਰਿਹਾ ਹੈ।
ਇਸ ਸਿਸਟਮ ਕਾਰਨ ਪੈਦਾ ਹੋਈ ਸਮੱਸਿਆ
ਇੰਫਾਲ 'ਚ ਕੈਸ਼ ਸੰਕਟ ਇਸ ਲਈ ਪੈਦਾ ਹੋਇਆ ਕਿਉਂਕਿ ਲੋਕਾਂ ਨੇ ਏ. ਟੀ. ਐੱਮਜ਼ 'ਚੋਂ ਵਧੇਰੇ ਪੈਸੇ ਕੱਢਵਾ ਲਏ। ਉੱਤਰੀ-ਪੂਰਬੀ ਭਾਰਤ 'ਚ ਕਮਰਸ਼ੀਅਲ ਬੈਂਕਾਂ ਨੂੰ ਬਰਾਬਰ ਦੇ ਅਨੁਪਾਤ ਦੇ ਆਧਾਰ 'ਤੇ ਕੈਸ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਸੂਬੇ 'ਚ ਕੁੱਲ ਬੈਂਕ ਖਾਤਾ ਧਾਰਕਾਂ ਅਤੇ ਖੇਤਰ 'ਚ ਬੈਂਕਾਂ ਦੀਆਂ ਕੁੱਲ ਸ਼ਾਖਾਵਾਂ ਦੇ ਅਨੁਪਾਤ ਮੁਤਾਬਕ ਕੈਸ਼ ਭੇਜਿਆ ਜਾ ਰਿਹਾ ਹੈ।


Related News