ਸਿਆਸੀ ਦੰਗਲ ’ਚ ਤਲਾਕਸ਼ੁਦਾ ਜੋੜਾ, ਇਕ ਭਾਜਪਾ ਦਾ ਤੇ ਦੂਜੀ ਟੀ. ਐੱਮ. ਸੀ. ਦੀ ਉਮੀਦਵਾਰ

Monday, May 13, 2024 - 04:14 PM (IST)

ਸਿਆਸੀ ਦੰਗਲ ’ਚ ਤਲਾਕਸ਼ੁਦਾ ਜੋੜਾ, ਇਕ ਭਾਜਪਾ ਦਾ ਤੇ ਦੂਜੀ ਟੀ. ਐੱਮ. ਸੀ. ਦੀ ਉਮੀਦਵਾਰ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਬਿਸ਼ਣੂਪੁਰ ਲੋਕ ਸਭਾ ਸੀਟ ’ਤੇ ਦਿਲਚਸਪ ਮੁਕਾਬਲਾ ਹੈ, ਜਿਥੇ ਟੀ. ਐੱਮ. ਸੀ. ਤੇ ਭਾਜਪਾ ਦੀ ਟਿਕਟ ’ਤੇ ਤਲਾਕਸ਼ੁਦਾ ਜੋੜਾ ਆਹਮੋ-ਸਾਹਮਣੇ ਹੈ। ਬਿਸ਼ਣੂਪੁਰ ਲੋਕ ਸਭਾ ਸੀਟ ਤੋਂ ਸੌਮਿਤਰ ਖਾਨ ਭਾਜਪਾ ਦੀ ਟਿਕਟ ’ਤੇ ਅਤੇ ਉਨ੍ਹਾਂ ਦੀ ਤਲਾਕਸ਼ੁਦਾ ਪਤਨੀ ਸੁਜਾਤਾ ਮੋਂਦਾਲ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਕਿਸਮਤ ਅਜ਼ਮਾ ਰਹੀ ਹੈ। ਬਿਸ਼ਣੂਪੁਰ ਲੋਕ ਸਭਾ ਹਲਕੇ ਵਿਚ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤ ਸੀਟਾਂ ’ਚੋਂ ਤ੍ਰਿਣਮੂਲ ਕਾਂਗਰਸ ਨੇ ਕੁੱਲ ਚਾਰ ਅਤੇ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ। ਬਿਸ਼ਣੂਪੁਰ ’ਚ 25 ਮਈ ਨੂੰ ਚੋਣਾਂ ਦੇ ਛੇਵੇਂ ਪੜਾਅ ’ਚ ਵੋਟਿੰਗ ਹੋਵੇਗੀ।

ਤੀਜੀ ਵਾਰ ਚੋਣ ਲੜ ਰਹੇ ਸੌਮਿਤਰ ਖਾਨ

ਬਿਸ਼ਣੂਪੁਰ ਲੋਕ ਸਭਾ ਸੀਟ 2014 ਤੱਕ ਭਾਰਤੀ ਕਮਿਊਨਿਸਟ ਪਾਰਟੀ (ਐੱਮ) ਦਾ ਗੜ੍ਹ ਸੀ। ਇਸ ਦੇ ਬਾਵਜੂਦ ਸੌਮਿਤਰ ਖਾਨ 2014 ’ਚ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਪਹਿਲੀ ਵਾਰ ਇਹ ਸੀਟ ਜਿੱਤਣ ’ਚ ਸਫਲ ਰਹੇ। 2019 ’ਚ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਖਾਨ ਨੇ ਮੁੜ ਤੋਂ ਆਪਣੀ ਜਿੱਤ ਦੁਹਰਾਈ।

ਸੌਮਿਤਰ ਖਾਨ, ਜੋ ਕਿ ਲਗਾਤਾਰ ਤੀਜੀ ਵਾਰ ਬਿਸ਼ਣੂਪੁਰ ਤੋਂ ਚੋਣ ਲੜ ਰਹੇ ਹਨ, ਨੇ 2014 ਵਿਚ 45.5 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਦੇ ਮੁਕਾਬਲੇ ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੇ 46.25 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਅਤੇ ਆਪਣੇ ਨੇੜਲੇ ਵਿਰੋਧੀ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ 78,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਇਸ ਵਾਰ ਬਿਸ਼ਣੂਪੁਰ ਸੀਟ ’ਤੇ ਸੌਮਿਤਰ ਖਾਨ ਦਾ ਮੁਕਾਬਲਾ ਆਪਣੀ ਸਾਬਕਾ ਪਤਨੀ ਸੁਜਾਤਾ ਮੋਂਦਾਲ ਨਾਲ ਹੈ, ਜੋ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਉਨ੍ਹਾਂ ਨੂੰ ਚੁਣੌਤੀ ਦੇ ਰਹੀ ਹੈ।

ਸੁਜਾਤਾ ਨੇ 2019 ’ਚ ਸੌਮਿਤਰ ਖਾਨ ਲਈ ਕੀਤਾ ਸੀ ਪ੍ਰਚਾਰ

2019 ਦੀਆਂ ਚੋਣਾਂ ’ਚ ਜਦੋਂ ਖਾਨ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਸਬੰਧ ਵਿਚ ਅਗਾਊਂ ਜ਼ਮਾਨਤ ਦਿੰਦੇ ਹੋਏ ਕਲਕੱਤਾ ਹਾਈ ਕੋਰਟ ਨੇ ਬਾਂਕੁਰਾ ਜ਼ਿਲੇ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ, ਉਦੋਂ ਉਨ੍ਹਾਂ ਦੀ ਪਤਨੀ ਸੁਜਾਤਾ ਨੇ ਬਿਸ਼ਣੂਪੁਰ ਵਿਚ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ। ਹੁਣ ਦੋਵੇਂ ਵੱਖ ਹੋ ਗਏ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੁਜਾਤਾ ਦੀਆਂ ਅਣਥੱਕ ਕੋਸ਼ਿਸ਼ਾਂ ਕਾਰਨ ਸੌਮਿਤਰ ਖਾਨ 2019 ਵਿਚ ਆਪਣੀ ਸੀਟ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ। ਸੌਮਿਤਰ ਖਾਨ ਨੇ ਦੋਸ਼ ਲਾਇਆ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਮੰਗਣ ਵਾਲੇ ਉਮੀਦਵਾਰਾਂ ਤੋਂ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਫਸਾਇਆ।


author

Rakesh

Content Editor

Related News