BCCI ਅਤੇ ICC ਫਿਰ ਆਹਮੋ-ਸਾਹਮਣੇ, 2021 ਦੀ ਚੈਂਪੀਅਨਜ਼ ਟਰਾਫੀ ''ਤੇ ਵਿਵਾਦ

04/25/2018 4:14:39 PM

ਨਵੀਂ ਦਿੱਲੀ (ਬਿਊਰੋ)— ਬੀ.ਸੀ.ਸੀ.ਆਈ. ਨੇ 2021 ਵਿੱਚ ਹੋਣ ਵਾਲੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਨੂੰ ਵਰਲਡ ਟੀ-20 ਦੇ ਤੌਰ 'ਤੇ ਆਯੋਜਿਤ ਕੀਤੇ ਜਾਣ ਦੇ ਆਈ.ਸੀ.ਸੀ. ਦੇ ਸੁਝਾਅ ਦਾ ਵਿਰੋਧ ਕੀਤਾ ਹੈ । 2021 ਵਿੱਚ ਚੈਂਪੀਅਨਜ਼ ਟਰਾਫੀ ਦਾ ਆਯੋਜਨ ਭਾਰਤ ਵਿੱਚ ਹੋਣਾ ਹੈ ।  ਖਬਰਾਂ ਮੁਤਾਬਕ ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਨਿਰੁੱਧ ਚੌਧਰੀ ਨੇ ਦੱਸਿਆ ਕਿ ਇਸ ਵਨਡੇ ਟੂਰਨਾਮੈਂਟ ਨੂੰ ਰੱਦ ਕਰਨ ਨਾਲ ਬੋਰਡ ਨੂੰ 200 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ । 

ਖਬਰਾਂ ਮੁਤਾਬਕ ਆਈ.ਸੀ.ਸੀ. ਨੇ ਪਿਛਲੇ ਸਾਲ ਆਕਲੈਂਡ ਵਿੱਚ ਇੱਕ ਬੈਠਕ ਵਿੱਚ ਚੈਂਪੀਅਨਜ਼ ਟਰਾਫੀ ਦੀ ਜਗ੍ਹਾ 'ਤੇ ਵਰਲਡ ਟੀ-20 ਨੂੰ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਸੀ । ਉਸ ਸਮੇਂ ਵੀ ਬੀ.ਸੀ.ਸੀ.ਆਈ. ਨੇ ਇਸ ਦਾ ਵਿਰੋਧ ਕੀਤਾ ਸੀ । ਮੰਨਿਆ ਜਾ ਰਿਹਾ ਹੈ ਕਿ ਕੋਲਕਾਤਾ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿੱਚ ਇਸ ਉੱਤੇ ਇੱਕ ਵਾਰ ਫਿਰ ਤੋਂ ਚਰਚਾ ਹੋਵੇਗੀ । 

ਇਸ ਵਿਚਾਲੇ ਅਨਿਰੁੱਧ ਚੌਧਰੀ ਨੇ ਕਿਹਾ ਹੈ ਕਿ ਆਈ.ਸੀ.ਸੀ. ਦਾ ਇਹ ਸੁਝਾਅ ਬੀ.ਸੀ.ਸੀ.ਆਈ. ਦੀ ਆਮ ਬੈਠਕ ਵਿੱਚ ਬਹੁਤ ਚੰਗਾ ਸੰਦੇਸ਼ ਨਹੀਂ ਦੇਵੇਗਾ । ਇਸ ਮੁੱਦੇ ਉੱਤੇ ਬੀ.ਸੀ.ਸੀ.ਆਈ. ਦੇ ਰੁਖ ਨੂੰ ਠੀਕ ਢੰਗ ਨਾਲ ਆਈ.ਸੀ.ਸੀ. ਦੀ ਬੈਠਕ ਵਿੱਚ ਸਾਫ਼ ਨਹੀਂ ਕਰਨ ਲਈ ਚੌਧਰੀ ਨੇ ਆਈ.ਸੀ.ਸੀ. ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਦੀ ਵੀ ਆਲੋਚਨਾ ਕੀਤੀ ।   

ਚੌਧਰੀ ਨੇ ਨਾਲ ਹੀ ਆਈ.ਸੀ.ਸੀ. ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਭਾਰਤੀ ਬੋਰਡ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਫਾਇਦੇ ਦੀ ਸੋਚ ਰਿਹਾ ਹੈ । ਚੌਧਰੀ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਜਗਮੋਹਨ ਡਾਲਮੀਆ ਦੀ ਪਹਿਲ 'ਤੇ ਹੋਈ ਸੀ ਜਿਨ੍ਹਾਂ ਨੇ 50 ਓਵਰ ਫਾਰਮੈਟ ਨੂੰ ਬਣਾਏ ਰੱਖਣ ਲਈ ਇਸ ਦੀ ਸ਼ੁਰੂਆਤ ਕੀਤੀ ਸੀ । 

ਦਰਅਸਲ, ਇਸ ਵਿਵਾਦ 'ਚ ਪੈਸਾ ਵੀ ਇੱਕ ਅਹਿਮ ਮੁੱਦਾ ਹੈ । ਆਈ.ਸੀ.ਸੀ. ਇਸ ਟੂਰਨਾਮੈਂਟ ਤੋਂ ਹੋਣ ਵਾਲੇ ਮੁਨਾਫੇ 'ਤੇ ਟੈਕਸ ਵਿੱਚ ਛੂਟ ਚਾਹੁੰਦੀ ਹੈ ਪਰ ਭਾਰਤ ਸਰਕਾਰ ਇਸ ਦੇ ਲਈ ਤਿਆਰ ਨਹੀਂ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਨੂੰ ਵਰਲਡ ਟੀ-20 ਵਿੱਚ ਤਬਦੀਲ ਕਰਕੇ ਭਾਰਤ ਜਿਹੇ ਟਾਈਮ ਜ਼ੋਨ ਵਿੱਚ ਕਿਸੇ ਦੂਜੇ ਦੇਸ਼ ਵਿੱਚ ਮੈਚ ਆਯੋਜਿਤ ਕਰਾਉਣ ਉੱਤੇ ਵਿਚਾਰ ਕਰ ਰਹੀ ਹੈ ।


Related News