ਹਿਮਾਚਲ ’ਚ ਅੱਜ ਤੋਂ ਹੋ ਸਕਦੀ ਹੈ ਵਰਖਾ ਤੇ ਬਰਫ਼ਬਾਰੀ, ਅਟਲ ਟਨਲ ਤੋਂ ਸਿੱਸੂ ਤੱਕ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ
Tuesday, Feb 02, 2021 - 10:44 AM (IST)
ਸ਼੍ਰੀਨਗਰ/ਸ਼ਿਮਲਾ/ਚੰਡੀਗੜ੍ਹ (ਰਾਜੇਸ਼, ਯੂ. ਐੱਨ. ਆਈ.) - ਕਸ਼ਮੀਰ ’ਚ ਕਈ ਸਥਾਨਾਂ ’ਤੇ ਘੱਟੋ-ਘੱਟ ਤਾਪਮਾਨ ’ਚ ਵਾਧੇ ਤੋਂ ਬਾਅਦ ਸੋਮਵਾਰ ਨੂੰ ਘਾਟੀ ’ਚ ਲੋਕਾਂ ਨੂੰ ਸੀਤ ਲਹਿਰ ਤੋਂ ਥੋੜੀ ਰਾਹਤ ਮਿਲੀ। ਹਾਲਾਂਕਿ ਸ਼੍ਰੀਨਗਰ ਸਮੇਤ ਕਈ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਵੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਬਰਫ਼ ਦੀ ਪਤਲੀ ਤਹਿ ਜੰਮ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼੍ਰੀਨਗਰ ’ਚ ਅੱਜ ਘੱਟੋ-ਘੱਟ ਤਾਪਮਾਨ -8.8, ਕਾਜ਼ੀਗੁੰਡ ’ਚ -7.6, ਗੁਲਮਰਗ ’ਚ -8.2, ਪਹਿਲਗਾਮ ’ਚ -6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਧਰ ਪੰਜਾਬ ਦੇ ਨਾਲ ਹਿਮਾਚਲ ’ਚ ਪਿਛਲੇ ਇਕ ਮਹੀਨੇ ਤੋਂ ਚੱਲ ਰਿਹਾ ਖੁਸ਼ਕ ਮੌਸਮ ਮੰਗਲਵਾਰ ਨੂੰ ਖਤਮ ਹੋ ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਤੋਂ ਵਰਖਾ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ। ਸੂਬੇ ਦੇ ਮੱਧ ਅਤੇ ਉੱਪਰੀ ਖੇਤਰਾਂ ’ਚ ਜਿਥੇ ਵਰਖਾ ਅਤੇ ਬਰਫ਼ਬਾਰੀ ਦੇ ਆਸਾਰ ਹਨ, ਉਥੇ ਮੈਦਾਨੀ ਜ਼ਿਲ੍ਹਿਆਂ ’ਚ ਤੇਜ਼ ਹਨੇਰੀ ਅਤੇ ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਮੰਡੀ ਅਤੇ ਸੋਲਨ ਜ਼ਿਲੇ ਦੇ ਹੇਠਲੇ ਖੇਤਰ ਸ਼ਾਮਲ ਹਨ। 5 ਫਰਵਰੀ ਤੋਂ ਬਾਅਦ ਸੂਬੇ ’ਚ ਮੌਸਮ ਫਿਰ ਤੋਂ ਸਾਫ਼ ਹੋ ਜਾਵੇਗਾ।
ਉੱਧਰ 2 ਫਰਵਰੀ ਨੂੰ ਅਟਲ ਟਨਲ ਖੇਤਰ ਤੋਂ ਸਿੱਸੂ ਲਾਹੌਲ ਖੇਤਰ ’ਚ ਬਰਫ਼ ਦੇ ਤੋਦੇ ਡਿੱਗਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਦੇ ਤਹਿਤ ਸੂਬਾ ਆਫਤ ਪ੍ਰਬੰਧਨ ਅਥਾਰਿਟੀ ਵੱਲੋਂ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬਰਫੀਲੇ ਖੇਤਰ ਅਤੇ ਪਹਾੜਾਂ ਵੱਲ ਜਾਣ ਤੋਂ ਮਨ੍ਹਾ ਕੀਤਾ ਹੈ।
ਉੱਧਰ ਪੱਛਮ-ਉੱਤਰ ਖੇਤਰ ’ਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ ਅਤੇ ਕੱਲ ਤੱਕ ਮੌਸਮ ਖੁਸ਼ਕ ਰਹਿਣ ਤੋਂ ਬਾਅਦ 3 ਫਰਵਰੀ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਕੱਲ ਤੋਂ ਬਾਅਦ 3 ਫਰਵਰੀ ਨੂੰ ਕਿਤੇ-ਕਿਤੇ ਹਲਕੀ ਵਰਖਾ ਅਤੇ 4 ਫਰਵਰੀ ਨੂੰ ਕਈ ਸਥਾਨਾਂ ’ਤੇ ਵਰਖਾ ਦੀ ਸੰਭਾਵਨਾ ਹੈ। ਪਿਛਲੇ ਇਕ ਪੰਦਰਵਾੜੇ ਤੋਂ ਜਾਰੀ ਸੀਤ ਲਹਿਰ ਦਾ ਪ੍ਰਕੋਪ ਬਣੇ ਰਹਿਣ ਨਾਲ ਰਾਤ ਦੇ ਤਾਪਮਾਨ ’ਚ ਗਿਰਾਵਟ ਰਹੀ। ਇਸ ਦੌਰਾਨ ਆਦਮਪੁਰ ’ਚ ਘੱਟੋ-ਘੱਟ ਤਾਪਮਾਨ 2 ਡਿਗਰੀ ਰਿਹਾ। ਚੰਡੀਗੜ੍ਹ, ਪਠਾਨਕੋਟ ਅਤੇ ਰੋਹਤਕ ’ਚ ਪਾਰਾ 6 ਡਿਗਰੀ, ਲੁਧਿਆਣਾ ’ਚ 4 ਡਿਗਰੀ ਅਤੇ ਅੰਮ੍ਰਿਤਸਰ ’ਚ 5 ਡਿਗਰੀ ਰਿਹਾ।