ਵਿਸ਼ਵ ਭਰ ''ਚ ਕੋਰੋਨਾ ਕਾਰਨ 20 ਹਜ਼ਾਰ ਤੋਂ ਵੱਧ ਮੌਤਾਂ, ਸਾਢੇ 4 ਲੱਖ ਲੋਕ ਇਨਫੈਕਟਡ
Thursday, Mar 26, 2020 - 07:56 AM (IST)
ਰੋਮ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਇਸ ਵਾਇਰਸ ਕਾਰਨ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 4.5 ਲੱਖ (ਸਾਢੇ 4 ਲੱਖ) ਤੋਂ ਜ਼ਿਆਦਾ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਵਿਸ਼ਵ ਭਰ ਵਿਚ ਹੁਣ ਤਕ 20,857 ਮੌਤਾਂ ਦਰਜ ਹੋਈਆਂ ਹਨ ਅਤੇ 4,60,250 ਲੋਕ ਇਨਫੈਕਟਡ ਹਨ। ਸਭ ਤੋਂ ਵੱਧ ਨੁਕਸਾਨ ਇਟਲੀ ਵਿਚ ਹੋਇਆ ਹੈ, ਜਿੱਥੇ 7,503 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਬੁੱਧਵਾਰ ਨੂੰ ਨਵੀਆਂ 683 ਮੌਤਾਂ ਦਰਜ ਕੀਤੀਆਂ ਗਈਆਂ।
ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਸਪੇਨ ਨੇ ਚੀਨ ਨੂੰ ਓਵਰਟੇਕ ਕਰ ਦਿੱਤਾ ਹੈ। ਸਪੇਨ ਵਿੱਚ ਨਵੀਆਂ 738 ਮੌਤਾਂ ਦਰਜ ਕੀਤੀਆਂ ਗਈਆਂ,ਜਿਸ ਕਾਰਨ ਸਪੇਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,434 ਤੱਕ ਪਹੁੰਚ ਗਈ ਹੈ।
ਈਰਾਨ ਵਿੱਚ ਕੋਰੋਨਾ ਵਾਇਰਸ ਕਾਰਨ 143 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਈਰਾਨ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,077 ਹੋ ਗਈ ਹੈ।
ਫਰਾਂਸ ਵਿਚ ਕੋਰੋਨਾ ਦੇ ਨਵੇਂ 2,933 ਮਾਮਲੇ ਸਾਹਮਣੇ ਆਏ ਹਨ ਤੇ ਇੱਥੇ ਪੀੜਤਾਂ ਦੀ ਗਿਣਤੀ 25,223 ਹੋ ਗਈ ਹੈ। ਫਰਾਂਸ ਵਿਚ ਹੁਣ ਤਕ 1,331 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਵਿਚ ਕੋਵਿਡ-19 ਹੁਣ ਤਕ 849 ਲੋਕਾਂ ਦੀ ਜਾਨ ਲੈ ਚੁੱਕਾ ਹੈ। ਇੱਥੇ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਭਾਰਤ ਵਿਚ ਹੁਣ ਤਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 612 ਲੋਕ ਇਨਫੈਕਟਡ ਹੋਣ ਦੀ ਪੁਸ਼ਟੀ ਹੈ। ਭਾਰਤ 21 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਥੇ 2500 ਲੋਕਾਂ ਵਿਚ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇੱਥੇ 1,69,000 ਤੋਂ ਵਧੇਰੇ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ।