ਜਾਨਲੇਵਾ ਵਾਇਰਸ ਚੀਨ ਤੋਂ ਹੀ ਕਿਉਂ ਆਉਂਦੇ ਹਨ : ਸ਼ਿਵ ਸੈਨਾ
Friday, Jan 31, 2020 - 11:57 PM (IST)

ਮੁੰਬਈ (ਭਾਸ਼ਾ)–ਚੀਨ ਵਿਚ ਜਾਨਲੇਵਾ ਵਿਸ਼ਾਣੂਆਂ ਦੇ ਅਕਸਰ ਉਤਪਨ ਹੋਣ ਦਾ ਦਾਅਵਾ ਕਰਦੇ ਹੋਏ ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ ਨੂੰ ਇਹ ਪਤਾ ਲਾਉਣਾ ਚਾਹੀਦਾ ਹੈ ਕਿ ਕੀ ਨੋਵੇਲ ਕੋਰੋਨਾ ਵਾਇਰਸ ਵਰਗੇ ਰੋਗ ਫੈਲਾਉਣ ਵਾਲੇ ਵਿਸ਼ਾਣੂ ਜੈਵਿਕ ਹਥਿਆਰਾਂ ਦੇ ਉਤਪਾਦਨ ਦੀ ਕੋਸ਼ਿਸ਼ ਕਰਨ ਨਾਲ ਉਤਪੰਨ ਹੋ ਰਹੇ ਹਨ? ਕੋਰੋਨਾ ਵਾਇਰਸ ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਇਆ।
ਇਸ ਮਹਾਮਾਰੀ ਨਾਲ ਹੁਣ ਤੱਕ 200 ਵਿਅਕਤੀਆਂ ਦੀ ਮੌਤ ਹੋ ਚੁੱਕੀ ਅਤੇ ਦੁਨੀਆ ਭਰ ਵਿਚ ਲਗਭਗ 9 ਹਜ਼ਾਰ ਤੋਂ ਵੱਧ ਲੋਕਾਂ ਵਿਚ ਇਨਫੈਕਸ਼ਨ ਹੋਈ ਹੈ। ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ਵਿਚ ਕਿਹਾ ਕਿ ਅਮਰੀਕਾ ਅਤੇ ਜਾਪਾਨ ਸਮੇਤ ਕਈ ਵਿਕਸਿਤ ਦੇਸ਼ ਇਸ ਨਵੇਂ ਵਾਇਰਸ ਦਾ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਾਨਲੇਵਾ ਵਾਇਰਸ ਹਮੇਸ਼ਾ ਚੀਨ ਵਿਚ ਹੀ ਕਿਵੇਂ ਪੈਦਾ ਹੁੰਦੇ ਹਨ? ਚੀਨ ਵਿਚ ਇਕ ਜੈਵਿਕ ਪ੍ਰਯੋਗਸ਼ਾਲਾ ਹੈ ਜਿਥੇ ਕੋੋਰੋਨਾ ਵਾਇਰਸ ਪਾਇਆ ਗਿਆ ਸੀ।