ਇਟਲੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਮਾਤਾ ਲੋਨਾ ਜੀ ਦਾ ਵਿਆਹ ਪੁਰਬ ਧੂਮ-ਧਾਮ ਨਾਲ ਮਨਾਇਆ
Tuesday, May 19, 2026 - 04:21 PM (IST)
ਵਿਚੈਂਸਾ (ਦਲਵੀਰ ਸਿੰਘ ਕੈਂਥ) ਇਨਕਲਾਬ ਦੇ ਮੋਢੀ, ਮਹਾਨ ਕ੍ਰਾਂਤੀਕਾਰੀ , ਇਲਾਹੀ ਬਾਣੀ ਰਾਹੀ ਤਰਕ ਦੇ ਆਧਾਰ ਤੇ ਸੱਚ ਦਾ ਹੋਕਾ ਦੇ ਕੇ ਪਾਖੰਡਵਾਦ ਤੇ ਅਡੰਬਰਵਾਦ ਦਾ ਪਰਦਾਫਾਸ਼ ਕਰਨ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ ਸਮਾਗਮ ਕਰਵਾਇਆ ਗਿਆ।ਇਹ ਸਮਾਗਮ ਵੇਨੇਤੋ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕਿਓ ਮਾਜੋਰੇ (ਵਿਚੈਂਸਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਨਾ, ਵਿਚੈਂਸਾ ਤੇ ਹੋਰ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿੱਚ ਦੂਰ ਦੁਰਾਡਿਓ ਸੰਗਤਾਂ ਨੇ ਬਹੁ-ਗਿਣਤੀ ਵਿੱਚ ਹਾਜ਼ਰੀ ਭਰੀ।



ਇਸ ਪਾਵਨ ਪੁਰਬ ਮੌਕੇ ਇਟਲੀ ਦੇ ਸਿਰਮੌਰ ਢਾਡੀ ਜੱਥੇ ਗਿਆਨੀ ਸੁਖਵੀਰ ਸਿੰਘ ਭੌਰ ਤੇ ਸਾਥੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਵਿਆਹ ਪੁਰਬ ਦਾ ਬਿਰਤਾਂਤ ਆਪਣੀ ਬੁਲੰਦ ਤੇ ਸ਼ਰੀਲੀ ਆਵਾਜ਼ ਵਿੱਚ ਹਾਜ਼ਰੀਨ ਸੰਗਤ ਦੇ ਸਨਮੁੱਖ ਕੀਤਾ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰੂ ਸਾਹਿਬ ਜੀਓ ਦੇ ਵਿਆਹ ਪੁਰਬ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ ਵਿਆਹ 13 ਸਾਲ ਦੀ ਉਮਰ ਵਿੱਚ ਮਾਤਾ ਲੋਨਾ ਜੀ ਨਾਲ ਛੋਟੀ ਮਿਰਜ਼ਾਪੁਰ ਬਨਾਰਸ ਤੋਂ ਲਗਭਗ 10 ਕਿਲੋਮੀਟਰ ਦੂਰੀ ਤੇ ਹੋਇਆ ਤੇ 5 ਸਾਲ ਵਿਆਹ ਬਾਅਦ ਗੁਰੂ ਸਾਹਿਬ ਮੁਕਲਾਵਾ ਲੈਕੇ ਗਏ।ਇਹ ਵਿਆਹ ਸਮਾਰੋਹ ਤਾਰਿਆਂ ਦੀ ਛਾਂਅ ਹੇਠ ਸੁਗੰਧੀ ਭਰੇ ਫੁੱਲਾਂ ਦੇ ਮੰਡਪ ਵਿੱਚ ਸਪੰਨ ਹੋਇਆ।ਗੁਰਦੁਆਰਾ ਸਾਹਿਬ ਹੋਏ ਇਸ ਵਿਆਹ ਪੁਰਬ ਸਮਾਰੋਹ ਵਿੱਚ ਕਈ ਹੋਰ ਵੀ ਮਿਸ਼ਨਰੀ ਸਾਥੀਆਂ ਨੇ ਹਾਜ਼ਰੀ ਭਰੀ।ਹਾਜ਼ਰੀਨ ਸਮੂਹ ਸੰਗਤ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
