ਅਮਰੀਕਾ ''ਚ ਪਹਿਲੀ ਵਾਰ ਇਕੋ ਦਿਨ ਦਰਜ ਹੋਏ ਇਕ ਲੱਖ ਕੋਰੋਨਾ ਮਾਮਲੇ

Thursday, Nov 05, 2020 - 04:10 PM (IST)

ਵਾਸ਼ਿੰਗਟਨ- ਵਾਸ਼ਿੰਗਟਨ ਪੋਸਟ ਅਖਬਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਪਹਿਲੀ ਵਾਰ ਬੀਤੇ ਦਿਨ ਇਕ ਲੱਖ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਵਿਚ ਇਕੋ ਦਿਨ ਇਕ ਲੱਖ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹੋਣ। 17 ਸੂਬਿਆਂ ਕੰਸਾਸ, ਟੈਨੇਸੀ, ਵਰਜੀਨੀਆ, ਓਕਲਹੋਮਾ, ਮੋਨਟਾਨਾ, ਲੋਵਾ, ਨਾਰਥ ਡਕੋਟਾ, ਸਾਊਥ ਡਕੋਟਾ, ਓਹੀਓ, ਨਬਰਸਕਾ, ਮਿਨੀਸੋਟਾ, ਇੰਡੀਆਨਾ ਤੇ ਵੈਸਟ ਵਰਜੀਨੀਆ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਤੇ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਲੋਕ ਦਾਖਲ ਹਨ ਤੇ ਕਈਆਂ ਦੀ ਹਾਲਤ ਗੰਭੀਰ ਵੀ ਹੈ। 

ਇਹ ਵੀ ਪੜ੍ਹੋ- ਅਮਰੀਕਾ ਚੋਣਾਂ : 5 ਬੀਬੀਆਂ ਸਣੇ ਦਰਜਨ ਤੋਂ ਵੱਧ ਭਾਰਤੀਆਂ ਨੇ ਸੂਬਿਆਂ 'ਚ ਗੱਡੇ ਜਿੱਤੇ ਦੇ ਝੰਡੇ

ਹੁਣ ਤੱਕ ਅਮਰੀਕਾ ਵਿਚ 94,45,000 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਦੇ ਨਾਲ ਹੀ ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2,32,500 ਹੋ ਗਈ ਹੈ। ਵਾਸ਼ਿੰਗਟਨ ਪੋਸਟ ਨੇ ਚਿਤਾਵਨੀ ਦਿੱਤੀ ਹੈ ਕਿ ਹਸਪਤਾਲਾਂ ਵਿਚ ਦਾਖ਼ਲ ਹੋਣ ਦੀ ਵਧਦੀ ਗਿਣਤੀ ਨਾਲ ਕੁਝ ਸਿਹਤ ਪ੍ਰਣਾਲੀਆਂ ਲਈ ਫਿਰ ਤੋਂ ਖ਼ਤਰਾ ਵੱਧ ਸਕਦਾ ਹੈ।

ਬੀਤੇ ਦਿਨ ਅਮਰੀਕੀ ਬੀਮਾਰੀ ਕੰਟਰੋਲ ਵਿਭਾਗ ਨੇ ਰਿਪੋਰਟ ਵਿਚ ਕਿਹਾ ਸੀ ਕਿ ਰੋਜ਼ਾਨਾ 80 ਹਜ਼ਾਰ 800 ਲੋਕ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ ਤੇ ਤਕਰੀਬਨ 846 ਮੌਤਾਂ ਹਰ ਰੋਜ਼ ਹੋ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਜਲਦ ਹੀ ਆਉਣ ਵਾਲੇ ਹਨ ਤੇ ਜੋ ਵੀ ਨਵਾਂ ਰਾਸ਼ਟਰਪਤੀ ਬਣਦਾ ਹੈ ਉਸ ਲਈ ਸਭ ਤੋਂ ਵੱਡੀ ਚੁਣੌਤੀ ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਦੀ ਹੋਵੇਗੀ। ਇਸ ਕਾਰਨ ਅਰਥ ਵਿਵਸਥਾ ਨੂੰ ਵੀ ਝਟਕਾ ਲੱਗਾ ਹੈ। 


Lalita Mam

Content Editor

Related News