UNSC ਨੇ ਕੁੜੀਆਂ ਨੂੰ ਉੱਚ ਸਕੂਲੀ ਸਿੱਖਿਆ ਤੋਂ ਰੋਕਣ ਵਾਲੇ ਤਾਲਿਬਾਨੀ ਫ਼ੈਸਲੇ ''ਤੇ ਪ੍ਰਗਟਾਈ ਚਿੰਤਾ
Tuesday, Mar 29, 2022 - 06:11 PM (IST)
ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ 'ਚ ਛੇਵੀਂ ਜਮਾਤ ਤੋਂ ਉੱਪਰ ਦੀਆਂ ਜਮਾਤਾਂ 'ਚ ਕੁੜੀਆਂ ਨੂੰ ਪੜ੍ਹਾਈ ਨਹੀ ਕਰਨ ਦੇਣ ਸਬੰਧੀ ਤਾਲਿਬਾਨ ਸ਼ਾਸਨ ਦੇ ਫ਼ੈਸਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨੀ ਅਧਿਕਾਰੀਆਂ ਨੂੰ ਬਿਨਾ ਦੇਰੀ ਕੀਤੇ ਆਪਣੇ ਉਸ ਅਹਿਦ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ, ਜਿਸ 'ਚ ਹਰ ਉਮਰ ਦੀਆਂ ਵਿੱਦਿਆਰਥਣਾਂ ਲਈ ਸਕੂਲਾਂ ਨੂੰ ਮੁੜ ਖੋਲਣ ਦਾ ਭਰੋਸਾ ਦਿੱਤਾ ਗਿਆ ਸੀ।
ਸੰਯੁਕਤ ਰਾਸ਼ਟਰ ਪਰਿਸ਼ਦ ਦੇ ਮੈਂਬਰਾਂ ਵਲੋਂ ਐਤਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ, 'ਅਸੀਂ ਕੁੜੀਆਂ ਸਮੇਤ ਸਾਰੇ ਅਫਗਾਨ ਨਾਗਰਿਕਾਂ ਦੇ ਲਈ ਸਿੱਖਿਆ ਦੇ ਅਧਿਕਾਰ ਨੂੰ ਦੋਹਰਾਉਂਦੇ ਹਾਂ ਤੇ ਤਾਲਿਬਾਨ ਨੂੰ ਬਿਨਾ ਦੇਰੀ ਦੇ ਹਰ ਉਮਰ ਦੀਆਂ ਲੜਕੀਆਂ ਲਈ ਦੁਬਾਰਾ ਸਕੂਲ ਖੋਲੇ ਜਾਣ ਤੇ ਸਿੱਖਿਆ ਦੇ ਅਧਿਕਾਰ ਦਾ ਸਨਮਾਨ ਕਰਨ ਦਾ ਸੱਦਾ ਦਿੰਦੇ ਹਾਂ।'
ਸੁਰੱਖਿਆ ਪਰਿਸ਼ਦ ਨੇ ਕੁੜੀਆਂ ਸਮੇਤ ਸਾਰੇ ਅਫਗਾਨ ਨਾਗਰਿਕਾਂ ਨੂੰ ਸਿੱਖਿਆ ਮੁਹੱਈਆਂ ਕਰਾਉਣ ਦੇ ਸਬੰਧ 'ਚ 25 ਮਾਰਚ ਨੂੰ ਅਫਗਾਨਿਸਤਾਨ ਦੇ ਪ੍ਰਤੀਨਿਧੀ ਨੂੰ ਤਲਬ ਕੀਤਾ ਸੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੇ ਪਿਛਲੇ ਹਫ਼ਤੇ ਤਾਲਿਬਾਨ ਦੇ ਇਸ ਫ਼ੈਸਲੇ 'ਤੇ ਡੁੰਘੀ ਚਿੰਤਾ ਜ਼ਾਹਰ ਕੀਤੀ ਸੀ।