ਅਮਰੀਕੀ ਹਵਾਈ ਫੌਜ ਦਾ ਸਪੇਸਕ੍ਰਾਫਟ ਆਇਆ ਵਾਪਸ, 780 ਦਿਨ ਲਗਾਇਆ ਧਰਤੀ ਦਾ ਚੱਕਰ

10/30/2019 3:39:11 PM

ਵਾਸ਼ਿੰਗਟਨ(ਬਿਊਰੋ) : ਅਮਰੀਕੀ ਹਵਾਈ ਫੌਜ ਦੀ ਖੁਫੀਆ ਮਨੁੱਖ ਰਹਿਤ ਪੁਲਾੜ ਗੱਡੀ ਐਕਸ-37ਬੀ ਧਰਤੀ ਦੇ ਪੰਧ ਵਿਚ 780 ਦਿਨ ਚੱਕਰ ਲਗਾ ਕੇ ਐਤਵਾਰ ਨੂੰ ਵਾਪਸ ਪਰਤ ਆਈ। ਜਾਣਕਾਰੀ ਮੁਤਾਬਕ ਅਮਰੀਕਾ ਕਰੀਬ 10 ਸਾਲ ਤੋਂ ਇਕ ਹਹੱਸਮਈ ਮੁਹਿੰਮ 'ਤੇ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਭੇਜਿਆ ਗਿਆ ਇਹ ਸਭ ਤੋਂ ਲੰਬਾ ਮਿਸ਼ਨ ਸੀ। ਹਵਾਈ ਫੌਜ ਦੇ ਮੁਤਾਬਕ ਇਹ ਜਹਾਜ਼ ਛੋਟੀ ਪੁਲਾੜ ਗੱਡੀ ਵਾਂਗ ਦਿੱਸਦਾ ਹੈ। ਇਸ ਨੂੰ ਪੰਧ ਵਿਚ ਪ੍ਰਯੋਗਾਂ ਲਈ ਵਰਤਿਆ ਜਾਂਦਾ ਹੈ, ਜਿਸ ਨੂੰ ਪਰੀਖਣਾਂ ਲਈ ਧਰਤੀ 'ਤੇ ਵਾਪਸ ਲਿਆਂਦਾ ਜਾ ਸਕਦਾ ਹੈ।

ਹਵਾਈ ਫੌਜ ਨੇ ਇਨ੍ਹਾਂ ਪ੍ਰਯੋਗਾਂ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਸਿਰਫ ਇਹ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਉਦੇਸ਼ ਸਪੇਸ ਵਿਚ ਚੁਣੌਤੀਆਂ ਨੂੰ ਘੱਟ ਕਰਨਾ ਅਤੇ ਪੁਲਾੜ ਗੱਡੀ ਤਕਨੀਕ ਨੂੰ ਦੁਬਾਰਾ ਵਰਤੋਂ ਲਾਇਕ ਬਣਾਉਣਾ ਹੈ। ਹਵਾਈ ਫੌਜ ਨੇ ਅੱਗੇ ਕਿਹਾ,''ਐਕਸ-37ਬੀ ਮਿਸ਼ਨ ਨੇ ਹਵਾਈ ਫੌਜ ਰਿਸਰਚ ਲੈਬੋਰਟਰੀ (ਏ.ਐੱਫ.ਆਰ.ਐੱਲ.) ਦੇ ਲਈ ਕਈ ਪ੍ਰਯੋਗ ਕੀਤੇ। ਏ.ਐੱਫ.ਆਰ.ਐੱਲ. ਸਪੇਸ, ਹਵਾ ਅਤੇ ਸਾਈਬਰਸਪੇਸ ਸੈਕਟਰਾਂ ਲਈ ਵਾਰਫਾਈਟਿੰਗ ਤਕਨਾਲੋਜੀ ਵਿਕਸਿਤ ਕਰਦਾ ਹੈ।'' ਇਸ ਦੀ ਵੈਬਸਾਈਟ ਮੁਤਾਬਕ,''ਇਹ ਲੇਜਰ ਹਥਿਆਰ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਜਹਾਜ਼ 'ਤੇ ਲਗਾਇਆ ਜਾ ਸਕਦਾ ਹੈ।''

ਜਹਾਜ਼ ਐਕਸ-37ਬੀ ਨੂੰ ਨਵੇਂ ਨੇਵੀਗੇਸ਼ਨ ਸਿਸਟਮ ਦੇ ਪਰੀਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਨਾਲ ਹੀ ਵਾਯੂਮੰਡਲ ਵਿਚ ਜਹਾਜ਼ ਦੇ ਦਾਖਲ ਹੋਣ ਅਤੇ ਸੁਰੱਖਿਅਤ ਲੈਂਡਿੰਗ ਲਈ ਬਣਾਇਆ ਗਿਆ ਹੈ। ਹਵਾਈ ਫੌਜ ਦੇ ਮੁਤਾਬਕ,''ਪਿਛਲੇ ਮਿਸ਼ਨਾਂ ਨੇ ਨੇਵੀਗੇਸ਼ਨ, ਥਰਮਲ ਪ੍ਰੋਟੈਕਸ਼ਨ ਸਿਸਟਮ, ਆਟੋਨੋਮਜ਼ ਆਰਬੀਟਲ ਫਲਾਈਟ ਜਿਹੀ ਤਕਨੀਕ ਦਾ ਪਰੀਖਣ ਕੀਤਾ ਹੈ। ਐਕਸ-37ਬੀ ਸਪੇਸਕ੍ਰਾਫਟ 29 ਫੁੱਟ ਲੰਬਾ ਅਤੇ 9.5 ਫੁੱਟ ਚੌੜਾ ਹੈ। ਇਸ ਦੇ ਖੰਭ ਕਰੀਬ 15 ਫੁੱਟ ਲੰਬੇ ਹਨ। ਇਸ ਨੂੰ ਸਪੇਸਐਕਸ ਫਾਲਕਨ-9 ਰਾਕੇਟ ਤੋਂ ਸਤੰਬਰ 2017 ਵਿਚ ਲਾਂਚ ਕੀਤਾ ਗਿਆ ਸੀ। ਹਵਾਈ ਫੌਜ ਨੇ ਕਿਹਾ ਹੈ ਕਿ ਉਹ 2020 ਵਿਚ 6ਵਾਂ ਐੱਕਸ-37ਬੀ ਮਿਸ਼ਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।


Vandana

Content Editor

Related News