ਅਮਰੀਕੀ ਗ੍ਰਹਿ ਮੰਤਰਾਲੇ ਨੇ ਚੀਨ ਦੁਆਰਾ ਬਣੇ ਡਰੋਨ ''ਤੇ ਲਿਆ ਇਹ ਫੈਸਲਾ

11/01/2019 4:15:00 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀਆਂ ਸੁਰੱਖਿਆ ਚਿੰਤਾਵਾਂ ਦੇ ਵਿਚ ਦੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਐਲਾਨ ਕੀਤਾ। ਗ੍ਰਹਿ ਮੰਤਰਾਲੇ ਨੇ ਆਪਣੇ ਬੇੜੇ ਦੇ ਚੀਨ ਦੁਆਰਾ ਬਣੇ ਡਰੋਨਾਂ ਦੀ ਉਡਾਣ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਿਕ ਗੁਡਵਿਨ ਨੇ ਇਹ ਫੈਸਲਾ ਲੈਣ ਦੇ ਪਿੱਛੇ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਡੇਵਿਡ ਬਰਨਹਾਰਟ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਗੁਡਵਿਨ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਮੰਤਰੀ ਨੇ ਚੀਨ ਦੁਆਰਾ ਬਣਾਏ ਡਰੋਨ ਜਾਂ ਚੀਨ ਦੁਆਰਾ ਬਣਾਏ ਪੁਰਜਿਆਂ ਵਾਲੇ ਡਰੋਨ ਦੀ ਉਡਾਣ 'ਤੇ ਰੋਕ ਲਗਾ ਦਿੱਤੀ ਹੈ। 

ਗੁਡਵਿਨ ਨੇ ਕਿਹਾ ਕਿ ਅਜਿਹੇ ਡਰੋਨਾਂ ਨੂੰ ਛੋਟ ਦਿੱਤੀ ਜਾਵੇਗੀ ਜਿਨ੍ਹਾਂ ਦੀ ਵਰਤੋਂ ਐਮਰਜੈਂਸੀ ਉਦੇਸ਼ਾਂ ਜਿਵੇਂ ਕਿ ਜੰਗਲ ਵਿਚ ਅੱਗ ਦੌਰਾਨ, ਖੋਜ ਅਤੇ ਬਚਾਅ ਅਤੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਹੈ। ਪ੍ਰੋਗਰਾਮ ਨਾਲ ਸਬੰਧਤ ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਕੋਲ 810 ਡਰੋਨ ਦਾ ਬੇੜਾ ਹੈ ਜਿਨ੍ਹਾਂ ਵਿਚੋਂ ਲੱਗਭਗ ਸਾਰਿਆਂ ਦਾ ਨਿਰਮਾਣ ਚੀਨੀ ਕੰਪਨੀਆਂ ਨੇ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸਿਰਫ 24 ਡਰੋਨ ਅਮਰੀਕਾ ਵਿਚ ਬਣੇ ਹਨ ਪਰ ਉਨ੍ਹਾਂ ਵਿਚ ਵੀ ਚੀਨ ਵੱਲੋਂ ਬਣੇ ਪੁਰਜੇ ਲੱਗੇ ਹਨ। 

ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਨੇ ਮਈ ਵਿਚ ਚੀਨ ਦੁਆਰਾ ਬਣੇ ਡਰੋਨ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਦੁਨੀਆ ਭਰ ਵਿਚ 70 ਫੀਸਦੀ ਵਪਾਰਕ ਡਰੋਨ ਦਾ ਨਿਰਮਾਣ ਚੀਨ ਦੀ ਕੰਪਨੀ ਡੀ.ਜੇ.ਆਈ. ਕਰਦੀ ਹੈ ਪਰ ਪੇਂਟਾਗਨ ਨੇ ਸਾਲ 2017 ਤੋਂ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਫੌਜ ਵੱਲੋਂ ਇਸ ਕੰਪਨੀ ਦੇ ਡਰੋਨ ਦੀ ਵਰਤੋਂ 'ਤੇ ਰੋਕ ਲਗਾਈ ਹੋਈ ਹੈ।


Vandana

Content Editor

Related News