ਖਹਿਰਾ ਨੇ ''ਵੀਰ ਬਾਲ ਦਿਵਸ'' ਦੇ ਨਾਂ ’ਤੇ ਚੁੱਕੇ ਸਵਾਲ; ਕਿਹਾ- ''ਇਹ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਤੌਹੀਨ''
Tuesday, Dec 23, 2025 - 12:16 PM (IST)
ਭੁਲੱਥ (ਰਜਿੰਦਰ)- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਮਾਗਮ ਨੂੰ “ਵੀਰ ਬਾਲ ਦਿਵਸ” ਦੇ ਨਾਂ ਨਾਲ ਸੰਬੋਧਨ ਕਰਨ ਦੇ ਫੈਸਲੇ ’ਤੇ ਸਖਤ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਅਜਿਹਾ ਨਾਮ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਅਤੇ ਇਤਿਹਾਸਕ ਮਹੱਤਤਾ ਦੀ ਤੋਹੀਨ ਹੈ, ਜਿਨ੍ਹਾਂ ਨੇ ਮੁਗਲ ਸਾਮਰਾਜ ਦੇ ਜ਼ੁਲਮ ਖ਼ਿਲਾਫ਼ ਡਟ ਕੇ ਮੁਕਾਬਲਾ ਕੀਤਾ।
ਖਹਿਰਾ ਨੇ ਕਿਹਾ ਕਿ ਸਾਹਿਬਜ਼ਾਦੇ ਸਾਧਾਰਣ ਅਰਥਾਂ ਵਿੱਚ “ਬੱਚੇ” ਨਹੀਂ ਸਨ, ਸਗੋਂ ਮਹਾਨ ਯੋਧੇ ਸਨ, ਜਿਨ੍ਹਾਂ ਨੇ ਸਮਰਪਣ ਦੀ ਥਾਂ ਸ਼ਹੀਦੀ ਨੂੰ ਚੁਣਿਆ ਅਤੇ ਹਿੰਮਤ, ਧਾਰਮਿਕਤਾ ਤੇ ਅਨਿਆਂਏ ਦੇ ਖਿਲਾਫ ਸਭ ਤੋਂ ਉੱਚੇ ਆਦਰਸ਼ਾਂ ਨੂੰ ਕਾਇਮ ਰੱਖਿਆ। "ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਐਸੇ ਸ਼ਬਦ ਨਾਲ ਘਟਾ ਕੇ ਪੇਸ਼ ਕਰਨਾ, ਜੋ ਬਹਾਦਰੀ ਅਤੇ ਸ਼ਹੀਦੀ ਦੀ ਥਾਂ ਉਮਰ ’ਤੇ ਜ਼ੋਰ ਦੇਵੇ, ਸਿੱਖ ਇਤਿਹਾਸ ਅਤੇ ਭਾਵਨਾਵਾਂ ਨਾਲ ਨਿਰੀ ਬੇਇਨਸਾਫ਼ੀ ਹੈ।”
ਕਾਂਗਰਸੀ ਵਿਧਾਇਕ ਖਹਿਰਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਵਿਸ਼ਵ ਇਤਿਹਾਸ ਵਿੱਚ ਕੁਰਬਾਨੀ ਦੀ ਚਰਮ ਸੀਮਾ ਹੈ, ਜਿੱਥੇ ਸਭ ਤੋਂ ਛੋਟੀ ਉਮਰ ਵਿਚ ਵੀ ਧਰਮ ਅਤੇ ਮਨੁੱਖਤਾ ਲਈ ਨਿੱਡਰਤਾ ਨਾਲ ਜ਼ੁਲਮ ਅਤੇ ਤਸ਼ੱਦਦ ਦਾ ਸਾਹਮਣਾ ਕੀਤਾ । ਖਹਿਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਮ ’ਤੇ ਤੁਰੰਤ ਪੁਨਰਵਿਚਾਰ ਕੀਤਾ ਜਾਵੇ ਅਤੇ ਐਸਾ ਨਾਮ ਅਪਣਾਇਆ ਜਾਵੇ ਜੋ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਹਾਦਰੀ ਅਤੇ ਅਮਰ ਵਿਰਾਸਤ ਨੂੰ ਸਹੀ ਅਰਥਾਂ ਵਿੱਚ ਪ੍ਰਤਿਬਿੰਬਤ ਕਰੇ, ਜੋ ਸਿੱਖ ਰਿਵਾਇਤਾਂ ਅਤੇ ਵਿਸ਼ਵ ਭਰ ਦੀ ਸਿੱਖ ਕੌਮ ਦੀ ਸਾਂਝੀ ਭਾਵਨਾ ਦੇ ਅਨੁਕੂਲ ਹੋਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਘਟਾਉਣ, ਅਤੇ ਨਿਮਾਣਾ ਕਰਨ ਦੀ ਕੋਈ ਵੀ ਕੋਸ਼ਿਸ਼ ਕਬੂਲਯੋਗ ਨਹੀਂ ਹੋਵੇਗੀ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੇਗੀ। ਖਹਿਰਾ ਨੇ ਕਿਹਾ, “ਸਾਹਿਬਜ਼ਾਦਿਆਂ ਦੀ ਵਿਰਾਸਤ ਨੂੰ ਪੂਰੇ ਆਦਰ, ਇਤਿਹਾਸਕ ਸੱਚਾਈ ਅਤੇ ਮਰਿਆਦਾ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ।” ਖਹਿਰਾ ਨੇ ਦੁਹਰਾਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਿਰਫ਼ ਸਿੱਖ ਇਤਿਹਾਸ ਦਾ ਇਕ ਅਧਿਆਏ ਨਹੀਂ, ਸਗੋਂ ਜ਼ੁਲਮ ਦੇ ਖ਼ਿਲਾਫ਼ ਪ੍ਰਤਿਰੋਧ ਦਾ ਵਿਸ਼ਵਵਿਆਪੀ ਸੰਦੇਸ਼ ਹਨ, ਜੋ ਮਨੁੱਖਤਾ ਲਈ ਸਦੀਵੀ ਪ੍ਰੇਰਣਾ ਬਣ ਕੇ ਰਹਿਣਗੀਆਂ।
