ਅਫਗਾਨ ਲੋਕ ਪੈਸਿਆਂ ਲਈ ਕਰ ਰਹੇ ਨਵਜੰਮੀਆਂ ਬੱਚੀਆਂ ਦਾ ਸੌਦਾ, ਯੂਨੀਸੈਫ ਨੇ ਜਤਾਈ ਚਿੰਤਾ

11/14/2021 11:40:09 AM

ਕਾਬੁਲ (ਆਈ.ਏ.ਐੱਨ.ਐਸ.): ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ੇ ਦੇ ਬਾਅਦ ਹਾਲਾਤ ਵਿਗੜਦੇ ਜਾ ਰਹੇ ਹਨ। ਅਫਗਾਨਿਸਤਾਨ ਦੀ ਆਰਥਿਕ ਸਥਿਤੀ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਆਲਮ ਇਹ ਹੈ ਕਿ ਭੁੱਖਮਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਪੈਸਿਆਂ ਲਈ ਆਪਣੀਆਂ 20 ਦਿਨਾਂ ਦੀਆਂ ਮਾਸੂਮ ਬੱਚੀਆਂ ਦੇ ਵਿਆਹ 'ਤੇ ਦਸਤਖ਼ਤ ਕਰਨੇ ਸ਼ੁਰੂ ਕਰ ਦਿੱਤੇ ਹਨ। ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰੇ ਨੇ ਦੇਸ਼ ਵਿੱਚ ਬਾਲ ਵਿਆਹ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਫੋਰੇ ਨੇ ਇੱਕ ਬਿਆਨ ਵਿੱਚ ਕਿਹਾ,"ਸਾਨੂੰ ਭਰੋਸੇਯੋਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਕਈ ਪਰਿਵਾਰ ਆਪਣੀ 20 ਦਿਨਾਂ ਦੀ ਬੱਚੀ ਦਾ ਦਾਜ ਦੇ ਰੂਪ ਵਿੱਚ ਵਪਾਰ ਕਰ ਰਹੇ ਹਨ।"

ਬਾਲ ਵਿਆਹ ਵਿਚ ਵਾਧਾ
ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਹਾਲ ਹੀ ਵਿਚ ਰਾਜਨੀਤਕ ਅਸਥਿਰਤਾ ਤੋਂ ਵੱਖ ਯੂਨੀਸੈਫ ਦੇ ਭਾਈਵਾਲਾਂ ਨੇ ਵੀ 2018 ਅਤੇ 2019 ਵਿੱਚ ਹੇਰਾਤ ਅਤੇ ਬਦਘਿਸ ਸੂਬਿਆਂ ਵਿੱਚ ਬਾਲ ਵਿਆਹ ਦੇ 183 ਅਤੇ ਬੱਚਿਆਂ ਦੀ ਵਿਕਰੀ ਦੇ 10 ਕੇਸ ਦਰਜ ਕੀਤੇ। ਬੱਚਿਆਂ ਦੀ ਉਮਰ ਛੇ ਮਹੀਨੇ ਤੋਂ ਲੈ ਕੇ 10 ਸਾਲ ਤੱਕ ਸੀ। ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਅੰਦਾਜ਼ਾ ਹੈ ਕਿ ਅਫਗਾਨਿਸਤਾਨ ਵਿਚ 28 ਫੀਸਦੀ ਔਰਤਾਂ 18 ਸਾਲ ਤੋਂ ਘੱਟ ਉਮਰ ਵਿਚ ਵਿਆਹੀਆਂ ਜਾਂਦੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਦਿੱਲੀ ਦੇ ਦੋ ਭਰਾਵਾਂ ਨੂੰ ਮਿਲਿਆ 'ਅੰਤਰਰਾਸ਼ਟਰੀ ਬਾਲ ਸ਼ਾਂਤੀ ਪੁਰਸਕਾਰ'

ਯੂਨੀਸੈਫ ਨੇ ਕਹੀ ਇਹ ਗੱਲ
ਯੂਨੀਸੈਫ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ, ਖਾਣ-ਪੀਣ ਦੀ ਕਮੀ ਅਤੇ ਸਰਦੀਆਂ ਦੌਰਾਨ ਪੈਦਾ ਹੋਣ ਵਾਲੀਆਂ ਹੋਰ ਸਮੱਸਿਆਵਾਂ ਨੇ ਪਰਿਵਾਰਾਂ ਨੂੰ ਇਹ ਮੁਸ਼ਕਲ ਵਿਕਲਪ ਅਪਣਾਉਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਵਿੱਚ ਬੱਚਿਆਂ ਨੂੰ ਕੰਮ 'ਤੇ ਲਗਵਾਉਣਾ ਅਤੇ ਛੋਟੀ ਉਮਰ ਵਿੱਚ ਕੁੜੀਆਂ ਦੇ ਵਿਆਹ ਕਰਵਾਉਣਾ ਸ਼ਾਮਲ ਹੈ।

ਤਾਲਿਬਾਨ ਦਾ ਦਾਅਵਾ
ਏ.ਐੱਨ.ਆਈ. ਮੁਤਾਬਕ ਪਾਕਿਸਤਾਨ ਦੇ ਦੌਰੇ 'ਤੇ ਇਸਲਾਮਾਬਾਦ ਪਹੁੰਚੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਅਸਲੀਅਤ ਤੋਂ ਪਰੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੀਆਂ 75 ਫੀਸਦੀ ਕੁੜੀਆਂ ਸਕੂਲ ਵਾਪਸ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਪਿਛਲੇ ਕਾਰਜਕਾਲ ਦੌਰਾਨ ਕੁੜੀਆਂ ਦੀ ਪੜ੍ਹਾਈ ਅਤੇ ਕੰਮ ਕਰਨ 'ਤੇ ਪਾਬੰਦੀ ਸੀ। ਇਸ ਵਾਰ ਵੀ ਇੱਕ-ਦੋ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਕੁੜੀਆਂ ਦੇ ਸਕੂਲ ਜਾਣ ’ਤੇ ਪਾਬੰਦੀ ਹੈ।
 
ਸਟ੍ਰੀਟ ਵੈਂਡਰ ਬਣੀ ਮਹਿਲਾ ਪੱਤਰਕਾਰ
ਏ.ਐੱਨ.ਆਈ. ਮੁਤਾਬਕ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫਗਾਨਿਸਤਾਨ ਵਿਚ ਕਈ ਮੀਡੀਆ ਦਫ਼ਤਰਾਂ ਵਿੱਚ ਤਾਲੇ ਲਟਕ ਰਹੇ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਪੱਤਰਕਾਰ ਬੇਰੁਜ਼ਗਾਰ ਹੋ ਗਏ ਹਨ। ਫਰਜ਼ਾਨਾ ਅਯੂਬੀ, ਜੋ ਕਈ ਮੀਡੀਆ ਹਾਊਸਾਂ ਵਿੱਚ ਕੰਮ ਕਰ ਚੁੱਕੀ ਹੈ, ਨੂੰ ਇੱਕ ਸਟ੍ਰੀਟ ਵੈਂਡਰ ਵਜੋਂ ਕੰਮ ਕਰਨਾ ਪੈਂਦਾ ਹੈ ਕਿਉਂਕਿ ਤਾਲਿਬਾਨ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਮੀਡੀਆ ਸੰਸਥਾਵਾਂ ਨੇ ਅਫਗਾਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨਾਂ ਦੀ ਗੱਲ ਕੀਤੀ ਹੈ।

ਨੋਟ- ਅਫਗਾਨਿਤਾਨ ਵਿਚ ਬੱਚੀਆਂ ਦੀ ਚਿੰਤਾਜਨਕ ਸਥਿਤੀ 'ਤੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News