ਅਫਗਾਨਿਸਤਾਨ 'ਚ 60 ਲੱਖ ਲੋਕ ਹੋ ਸਕਦੇ ਹਨ ਅਕਾਲ ਤੋਂ ਪ੍ਰਭਾਵਿਤ, ਸੰਯੁਕਤ ਰਾਸ਼ਟਰ ਨੇ ਦਿੱਤੀ ਚੇਤਾਵਨੀ
Tuesday, Aug 30, 2022 - 05:59 PM (IST)
ਸੰਯੁਕਤ ਰਾਸ਼ਟਰ (ਏਜੰਸੀ) : ਸੰਯੁਕਤ ਰਾਸ਼ਟਰ (ਯੂ.ਐੱਨ.) ਨੇ ਚੇਤਾਵਨੀ ਦਿੱਤੀ ਹੈ ਕਿ ਵਧਦੀ ਗ਼ਰੀਬੀ ਨਾਲ ਜੂਝ ਰਹੇ ਅਫਗਾਨਿਸਤਾਨ ਵਿੱਚ 60 ਲੱਖ ਲੋਕਾਂ ਦੇ ਅਕਾਲ ਨਾਲ ਪ੍ਰਭਾਵਿਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਸਹਾਇਤਾ ਮੁਖੀ ਨੇ ਸੋਮਵਾਰ ਨੂੰ ਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਵਿਕਾਸ ਲਈ ਫੰਡਿੰਗ ਮੁੜ ਸ਼ੁਰੂ ਕਰਨ ਅਤੇ ਠੰਡ ਦੇ ਮੌਸਮ ਵਿੱਚ ਅਫਗਾਨਿਸਤਾਨ ਦੀ ਮਦਦ ਕਰਨ ਲਈ ਤੁਰੰਤ 77 ਕਰੋੜ ਅਮਰੀਕੀ ਡਾਲਰ ਪ੍ਰਦਾਨ ਕਰਨ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ
ਮਾਰਟਿਨ ਗ੍ਰਿਫਿਥਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਅਫਗਾਨਿਸਤਾਨ ਮਨੁੱਖੀ, ਆਰਥਿਕ, ਜਲਵਾਯੂ, ਭੁੱਖਮਰੀ ਅਤੇ ਵਿੱਤੀ ਸੰਕਟ ਵਰਗੇ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਅਫਗਾਨਿਸਤਾਨ ਵਿੱਚ ਸੰਘਰਸ਼, ਗਰੀਬੀ, ਜਲਵਾਯੂ ਪਰਿਵਰਤਨ ਦੇ ਪ੍ਰਭਾਵ ਅਤੇ ਭੋਜਨ ਦੀ ਅਸੁਰੱਖਿਆ ਲੰਬੇ ਸਮੇਂ ਤੋਂ ਇੱਕ ਦੁਖਦਾਈ ਹਕੀਕਤ ਰਹੀ ਹੈ। ਮਾਰਟਿਨ ਨੇ ਕਿਹਾ ਕਿ ਜੋ ਚੀਜ਼ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ "ਇੰਨਾ ਗੰਭੀਰ" ਬਣਾਉਂਦੀ ਹੈ, ਉਹ ਹੈ ਇੱਕ ਸਾਲ ਪਹਿਲਾਂ ਤਾਲਿਬਾਨ ਵੱਲੋਂ ਕਾਬੁਲ ਦੀ ਸੱਤਾ 'ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਵਿਕਾਸ ਸਹਾਇਤਾ ਨੂੰ ਰੋਕ ਦਿੱਤਾ ਜਾਣਾ।
ਮਾਰਟਿਨ ਨੇ ਕਿਹਾ ਕਿ ਅਫਗਾਨ ਦੀ ਅੱਧੀ ਤੋਂ ਵੱਧ ਆਬਾਦੀ (ਲਗਭਗ 2.4 ਕਰੋੜ ਲੋਕਾਂ ਨੂੰ) ਰਾਹਤ ਸਹਾਇਤਾ ਦੀ ਲੋੜ ਹੈ ਅਤੇ ਲਗਭਗ 1.9 ਕਰੋੜ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਮਾਰਟਿਨ ਨੇ ਕਿਹਾ, "ਸਾਨੂੰ ਚਿੰਤਾ ਹੈ ਕਿ ਚੀਜ਼ਾਂ ਜਲਦੀ ਹੀ ਵਿਗੜ ਜਾਣਗੀਆਂ, ਕਿਉਂਕਿ ਸਰਦੀਆਂ ਦਾ ਮੌਸਮ ਪਹਿਲਾਂ ਹੀ ਬਹੁਤ ਉੱਚੇ ਪੱਧਰ 'ਤੇ ਪਹੁੰਚ ਚੁੱਕੀਆਂ ਈਂਧਨ ਅਤੇ ਭੋਜਨ ਦੀਆਂ ਕੀਮਤਾਂ ਨੂੰ ਅਸਮਾਨ 'ਤੇ ਪਹੁੰਚਾ ਦੇਵੇਗਾ।' ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਐੱਨ.ਜੀ.ਓ. ਭਾਈਵਾਲਾਂ ਨੇ ਪਿਛਲੇ ਸਾਲ ਲਗਭਗ 2.3 ਕਰੋੜ ਲੋਕਾਂ ਤੱਕ ਪਹੁੰਚਣ ਲਈ ਬੇਮਿਸਾਲ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੀ ਤਿਆਰੀ ਲਈ 61.4 ਕਰੋੜ ਡਾਲਰ ਦੀ ਤੁਰੰਤ ਲੋੜ ਹੈ, ਜਿਸ ਵਿੱਚ ਮਕਾਨਾਂ ਦੀ ਮੁਰੰਮਤ-ਅੱਪਗ੍ਰੇਡੇਸ਼ਨ ਅਤੇ ਗਰਮ ਕੱਪੜੇ ਅਤੇ ਕੰਬਲ ਮੁਹੱਈਆ ਕਰਵਾਉਣ ਦੀ ਲਾਗਤ ਸ਼ਾਮਲ ਹੈ। ਮਾਰਟਿਨ ਨੇ ਕਿਹਾ ਕਿ ਠੰਡ ਦੇ ਕੁਝ ਖੇਤਰਾਂ ਨਾਲ ਸੰਪਰਕ ਕੱਟਣ ਤੋਂ ਪਹਿਲਾਂ ਭੋਜਨ ਅਤੇ ਹੋਰ ਸਪਲਾਈ ਲਈ ਵਾਧੂ 15.4 ਕਰੋੜ ਡਾਲਰ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਤਾਲਿਬਾਨ ਕੋਲ ਆਪਣੇ ਦੇਸ਼ ਦੇ ਭਵਿੱਖ ਲਈ ਨਿਵੇਸ਼ ਕਰਨ ਲਈ ਕੋਈ ਬਜਟ ਨਹੀਂ ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਕੁਝ ਵਿਕਾਸ ਸਹਾਇਤਾ ਪੇਸ਼ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਅਮਰੀਕੀ ਔਰਤ ਦੇ ਕਤਲ ਕੇਸ 'ਚ ਭਾਰਤੀ ਮੂਲ ਦਾ ਸਾਬਕਾ ਪੁਲਸ ਅਧਿਕਾਰੀ ਬਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।