''''ਜੇ ਅਮਰੀਕਾ ਤੇ ਸਹਿਯੋਗੀ ਦੇਸ਼ ਸਾਥ ਦੇਣ ਤਾਂ ਅਗਲੇ 3 ਮਹੀਨਿਆਂ ''ਚ ਹੋ ਸਕਦੀਆਂ ਹਨ ਯੂਕ੍ਰੇਨ ਚੋਣਾਂ...'''' ; ਜ਼ੇਲੇਂਸਕੀ
Thursday, Dec 11, 2025 - 11:30 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਲਾਨ ਕੀਤਾ ਹੈ ਕਿ ਜੇਕਰ ਅਮਰੀਕਾ ਅਤੇ ਯੂਕ੍ਰੇਨ ਦੇ ਹੋਰ ਸਹਿਯੋਗੀ ਵੋਟਿੰਗ ਪ੍ਰਕਿਰਿਆ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਅਗਲੇ ਤਿੰਨ ਮਹੀਨਿਆਂ (60-90 ਦਿਨਾਂ) ਦੇ ਅੰਦਰ ਚੋਣਾਂ ਕਰਵਾਉਣ ਲਈ ਤਿਆਰ ਹੈ।
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਜ਼ੇਲੇਂਸਕੀ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਬਾਅ ਵਧਾਇਆ ਜਾ ਰਿਹਾ ਹੈ। ਟਰੰਪ ਨੇ ਇੱਕ ਇੰਟਰਵਿਊ ਵਿੱਚ ਸੁਝਾਅ ਦਿੱਤਾ ਸੀ ਕਿ ਯੂਕ੍ਰੇਨੀ ਸਰਕਾਰ ਰੂਸ ਨਾਲ ਚੱਲ ਰਹੀ ਜੰਗ ਨੂੰ ਚੋਣਾਂ ਤੋਂ ਬਚਣ ਦੇ ਬਹਾਨੇ ਵਜੋਂ ਵਰਤ ਰਹੀ ਹੈ ਅਤੇ ਇਹ ਵੀ ਕਿਹਾ ਸੀ ਕਿ ਜਿੱਥੇ ਚੋਣਾਂ ਨਹੀਂ ਹੁੰਦੀਆਂ, ਉਹ ਲੋਕਤੰਤਰ ਨਹੀਂ ਰਹਿੰਦਾ। ਜ਼ੇਲੇਂਸਕੀ ਨੇ ਸੱਤਾ ਨਾਲ ਚਿੰਬੜੇ ਰਹਿਣ ਦੀ ਗੱਲ ਨੂੰ ਬਿਲਕੁਲ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਨਵੇਂ ਕਾਨੂੰਨ ਲਈ ਪ੍ਰਸਤਾਵ ਤਿਆਰ ਕਰਨ ਲਈ ਸੰਸਦ ਨੂੰ ਕਹਿਣਗੇ ਜੋ ਮਾਰਸ਼ਲ ਲਾਅ ਦੌਰਾਨ ਚੋਣਾਂ ਦੀ ਇਜਾਜ਼ਤ ਦੇ ਸਕੇ।
ਯੂਕ੍ਰੇਨ ਦੇ ਕਾਨੂੰਨ ਅਨੁਸਾਰ ਜੰਗ ਦੇ ਸਮੇਂ ਚੋਣਾਂ ਦੀ ਮਨਾਹੀ ਹੈ ਤੇ ਜ਼ੇਲੇਂਸਕੀ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਚੁੱਕਾ ਹੈ, ਪਰ ਇਸ ਸਾਲ ਦੇ ਸ਼ੁਰੂ ਵਿੱਚ ਯੂਕ੍ਰੇਨ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਜੰਗ ਦੌਰਾਨ ਰਾਸ਼ਟਰਪਤੀ ਵਜੋਂ ਜ਼ੇਲੇਂਸਕੀ ਦੇ ਅਹੁਦੇ 'ਤੇ ਬਣੇ ਰਹਿਣ ਨੂੰ ਸੰਵਿਧਾਨਕ ਕਰਾਰ ਦਿੱਤਾ ਸੀ।
ਇਸ ਤੋਂ ਇਲਾਵਾ ਜ਼ੇਲੇਂਸਕੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰੂਸੀ ਹਵਾਈ ਹਮਲਿਆਂ, ਲੱਖਾਂ ਫੌਜੀਆਂ ਦੀ ਫਰੰਟ ਲਾਈਨ 'ਤੇ ਮੌਜੂਦਗੀ ਅਤੇ ਲੱਖਾਂ ਲੋਕਾਂ ਦੇ ਵਿਸਥਾਪਨ ਕਾਰਨ ਚੋਣਾਂ ਕਰਵਾਉਣ ਦਾ ਵਿਚਾਰ ਅਕਸਰ ਖਾਰਜ ਕੀਤਾ ਜਾਂਦਾ ਹੈ। ਪੋਲਜ਼ ਵੀ ਦਰਸਾਉਂਦੇ ਹਨ ਕਿ ਜ਼ਿਆਦਾਤਰ ਯੂਕ੍ਰੇਨੀ ਲੋਕ ਜੰਗ ਦੌਰਾਨ ਚੋਣਾਂ ਕਰਵਾਉਣ ਦੇ ਵਿਰੁੱਧ ਹਨ।
ਜ਼ੇਲੇਂਸਕੀ ਪ੍ਰਸ਼ਾਸਨ ਇਸ ਸਮੇਂ ਅਮਰੀਕਾ-ਸਮਰਥਿਤ ਸ਼ਾਂਤੀ ਯੋਜਨਾ ਦਾ ਵੀ ਵਿਰੋਧ ਕਰ ਰਿਹਾ ਹੈ, ਜਿਸ ਨੂੰ ਮਾਸਕੋ-ਪੱਖੀ ਮੰਨਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਕਿਸੇ ਵੀ ਨਵੇਂ ਰੂਸੀ ਹਮਲੇ ਨੂੰ ਰੋਕਣ ਲਈ ਸਹਿਯੋਗੀਆਂ ਤੋਂ ਮਜ਼ਬੂਤ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ।
