ਅਮਰੀਕਾ ''ਚ 2 ਲੋਕਾਂ ਦੀ ਮੌਤ ਦੇ ਮਾਮਲੇ ''ਚ ਭਾਰਤੀ ''ਤੇ ਕਤਲ ਦਾ ਦੋਸ਼

Wednesday, Dec 03, 2025 - 12:15 PM (IST)

ਅਮਰੀਕਾ ''ਚ 2 ਲੋਕਾਂ ਦੀ ਮੌਤ ਦੇ ਮਾਮਲੇ ''ਚ ਭਾਰਤੀ ''ਤੇ ਕਤਲ ਦਾ ਦੋਸ਼

ਨਿਊਯਾਰਕ/ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿੱਚ ਇੱਕ ਟਰੱਕ ਨਾਲ ਟੱਕਰ ਤੋਂ ਬਾਅਦ ਇੱਕ ਕਾਰ ਵਿੱਚ ਸਵਾਰ 2 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ 'ਤੇ ਗੈਰ-ਇਰਾਦਤਨ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਰਾਜਿੰਦਰ ਕੁਮਾਰ (32) 'ਤੇ ਗੈਰ-ਇਰਾਦਤਨ ਕਤਲ ਅਤੇ ਲਾਪਰਵਾਹੀ ਕਾਰਨ ਕਿਸੇ ਦੀ ਜਾਨ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਹਾਦਸੇ ਵਿੱਚ ਵਿਲੀਅਮ ਮੀਕਾ ਕਾਰਟਰ (25) ਅਤੇ ਜੈਨੀਫਰ ਲਿਨ ਲੋਅਰ (24) ਦੀ ਮੌਤ ਹੋ ਗਈ ਸੀ। ਜਿਸ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋਈ ਸੀ, ਉਸ ਨੂੰ ਕੁਮਾਰ ਚਲਾ ਰਿਹਾ ਸੀ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਕੁਮਾਰ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ।

ਓਰੇਗਨ ਸਟੇਟ ਪੁਲਸ ਨੇ ਕਿਹਾ ਕਿ ਉਸਦੇ ਅਧਿਕਾਰੀਆਂ ਨੂੰ 24 ਨਵੰਬਰ ਦੀ ਰਾਤ ਨੂੰ ਡੈਸ਼ਚੂਟਸ ਕਾਉਂਟੀ ਵਿੱਚ 2 ਵਾਹਨਾਂ ਦੀ ਟੱਕਰ ਦੀ ਸੂਟਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਘਟਨਾ ਸਥਾਨ 'ਤੇ ਪਹੁੰਚੇ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਮਾਰ ਦਾ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ, ਜਿਸ ਕਾਰਨ ਦੋਵੇਂ ਪਾਸੇ ਆਵਾਜਾਈ ਰੁਕ ਗਈ ਸੀ। ਉਸੇ ਦੌਰਾਨ ਹਾਈਵੇਅ 'ਤੇ ਤੇਜ਼ ਰਫ਼ਤਾਰ ਵਿਚ ਆ ਰਹੀ ਕਾਰਟਰ ਦੀ ਕਾਰ ਟਰੱਕ ਨਾਲ ਟਕਰਾ ਗਈ ਸੀ। ਕਾਰਟਰ ਅਤੇ ਲੋਅਰ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਦੋਂ ਕਿ ਕੁਮਾਰ ਨੂੰ ਕੋਈ ਸੱਟ ਨਹੀਂ ਲੱਗੀ ਸੀ। ਕੁਮਾਰ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਡੈਸਚੂਟਸ ਕਾਉਂਟੀ ਜੇਲ੍ਹ ਲਿਜਾਇਆ ਗਿਆ ਸੀ। ਡੀਐਚਐਸ ਦੇ ਅਨੁਸਾਰ, ਕੁਮਾਰ ਭਾਰਤ ਤੋਂ ਆਇਆ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ ਅਤੇ 28 ਨਵੰਬਰ 2022 ਨੂੰ ਐਰੀਜ਼ੋਨਾ ਦੇ ਲੂਕਵਿਲ ਨੇੜੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ।


author

cherry

Content Editor

Related News