ਪ੍ਰਵਾਸੀਆਂ ਨੂੰ ''ਕਚਰਾ'' ਕਹਿਣ ''ਤੇ ਟਰੰਪ ਦੀ ਹੋ ਰਹੀ ਆਲੋਚਨਾ
Friday, Dec 05, 2025 - 01:08 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਾਰਨ ਘਿਰੇ ਹੋਏ ਹਨ। ਇਸ ਵਾਰ ਟਰੰਪ ਨੇ ਸੋਮਾਲੀਆ ਦੇ ਪ੍ਰਵਾਸੀਆਂ ਨੂੰ ‘ਕਚਰਾ’ ਕਹਿੰਦੇ ਹੋਏ ਇਕ ਨਵਾਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਮਿਨੇਸੋਟਾ ਦੇ ਡੈਮੋਕ੍ਰੈਟਿਕ ਗਵਰਨਰ ਟਿਮ ਵਾਲਜ਼ ਨੇ ਇਸ ਬਿਆਨ ਨੂੰ “ਭੱਦਾ” ਕਹਿੰਦੇ ਹੋਏ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਨੇਸੋਟਾ ਅਮਰੀਕਾ ਦਾ ਉਹ ਸੂਬਾ ਹੈ ਜਿੱਥੇ ਸਭ ਤੋਂ ਵੱਧ ਸੋਮਾਲੀਆਈ ਪ੍ਰਵਾਸੀ ਰਹਿੰਦੇ ਹਨ ਅਤੇ ਟਰੰਪ ਦੀਆਂ ਨਫ਼ਰਤ ਭਰੀਆਂ ਟਿੱਪਣੀਆਂ ਨੇ ਹਰ ਵਸਨੀਕ ਨੂੰ ਬਦਨਾਮ ਕੀਤਾ ਹੈ।
ਕਈ ਬੁੱਧੀਜੀਵੀਆਂ ਨੇ ਵੀ ਟਰੰਪ ਦੀ ਇਸ ਭਾਸ਼ਾ ਦੀ ਨਿੰਦਾ ਕੀਤੀ ਹੈ। ਨਿਊਯਾਰਕ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਰਲ ਬੋਨ ਟੈਂਪੋ ਨੇ ਕਿਹਾ ਕਿ ਟਰੰਪ ਨੇ ਆਮ ਗੱਲਬਾਤ 'ਚ ਅਜਿਹੀ ਭਾਸ਼ਾ ਨੂੰ “ਸਧਾਰਨ” ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਅਮਰੀਕੀ ਲੰਬੇ ਸਮੇਂ ਤੋਂ ਦੂਰੀ ਬਣਾਈ ਬੈਠੇ ਹਨ। ਟਰੰਪ ਪਹਿਲਾਂ ਵੀ ਮੈਕਸੀਕੋ ਅਤੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਬਾਰੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ। ਇਕ ਦਹਾਕਾ ਪਹਿਲਾਂ ਉਹ ਮੈਕਸੀਕਨ ਲੋਕਾਂ ਨੂੰ “ਰੇਪਿਸਟ” ਕਹਿ ਚੁੱਕੇ ਹਨ ਅਤੇ ਅਫਰੀਕਨ ਦੇਸ਼ਾਂ ਨੂੰ “ਐਸ-ਹੋਲ ਦੇਸ਼” ਕਹਿ ਕੇ ਗਲਤ ਸ਼ਬਦਾਂ ਦੀ ਵਰਤੋਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ : 'ਆਪਣੇ ਦੇਸ਼ ਚਲੇ ਜਾਓ ਵਾਪਸ...', US ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ
ਇਸ ਵਾਰ ਟਰੰਪ ਨੇ ਸਿਰਫ਼ ਗੈਰ-ਕਾਨੂੰਨੀ ਹੀ ਨਹੀਂ, ਸਗੋਂ ਕਾਨੂੰਨੀ ਤੌਰ ’ਤੇ ਅਮਰੀਕਾ 'ਚ ਰਹਿ ਰਹੇ ਸੋਮਾਲੀਆਈ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। 2 ਘੰਟਿਆਂ ਦੀ ਕੈਬਿਨੇਟ ਮੀਟਿੰਗ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਸੀਂ “ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਨਹੀਂ ਦੇਖਣਾ ਚਾਹੁੰਦੇ” ਅਤੇ ਉਨ੍ਹਾਂ ਨੂੰ ਵਾਰ-ਵਾਰ ਕਿਹਾ ਕਿ “ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ ਅਤੇ ਆਪਣੇ ਦੇਸ਼ ਨੂੰ ਠੀਕ ਕਰੋ।” ਕੈਬਿਨਟ ਦੇ ਕੁਝ ਮੈਂਬਰਾਂ ਨੂੰ ਇਸ ਬਿਆਨ ’ਤੇ ਹੱਸਦੇ ਹੋਏ ਵੀ ਦੇਖਿਆ ਗਿਆ।
ਟਰੰਪ ਦੀਆਂ ਟਿੱਪਣੀਆਂ ਦੀ ਸੋਮਾਲੀਆ 'ਚ ਵੀ ਤਿੱਖੀ ਪ੍ਰਤੀਕਿਰਿਆ ਆਈ ਹੈ। ਸੋਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ ਦੇ ਇਕ ਨਿਵਾਸੀ ਇਬ੍ਰਾਹਿਮ ਹਸਨ ਹਾਜ਼ੀ ਨੇ ਕਿਹਾ ਕਿ ਉਹ ਕਦੇ ਨਹੀਂ ਸੋਚ ਸਕਦਾ ਸੀ ਕਿ ਕੋਈ ਅਮਰੀਕੀ ਰਾਸ਼ਟਰਪਤੀ, ਖਾਸ ਕਰਕੇ ਆਪਣੇ ਦੂਜੇ ਕਾਰਜਕਾਲ 'ਚ, ਅਜਿਹੇ ਕਠੋਰ ਬਿਆਨ ਦੇਵੇਗਾ। ਉਸ ਨੇ ਕਿਹਾ ਕਿ ਹੁਣ ਉਸ ਦਾ ਅਮਰੀਕਾ ਜਾਣ ਦਾ ਇਰਾਦਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਇਹ ਬਿਆਨਬਾਜ਼ੀ ਨਫ਼ਰਤ ਭਰੀ ਵਿਚਾਰਧਾਰਾ ਨੂੰ ਹੋਰ ਉਤਸ਼ਾਹਤ ਕਰਦੀ ਹੈ। ਹਾਲਾਂਕਿ ਦੁਨੀਆ ਭਰ 'ਚ ਅਜਿਹੀ ਭਾਸ਼ਾ ਵਰਤਣ ਵਾਲੇ ਨੇਤਾ ਹੋਰ ਵੀ ਹਨ—ਬ੍ਰੇਗਜ਼ਿਟ ਤੋਂ ਬਾਅਦ ਬ੍ਰਿਟੇਨ ਦੇ ਨਾਈਜਲ ਫੈਰਾਜ ਅਤੇ ਫਰਾਂਸ ਦੀ ਮਰੀਨ ਲੇ ਪੇਨ ਵਰਗੇ ਪਰ ਇਕ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦਾ ਅਸਰ ਕਈ ਗੁਣਾ ਵਧਿਆ ਹੋਇਆ ਹੁੰਦਾ ਹੈ।
