ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ ! ਤਿਆਰ ਕਰ ਲਿਆ ਪੂਰਾ ''ਪਲਾਨ''
Thursday, Nov 27, 2025 - 09:43 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਖਤਮ ਕਰਵਾਉਣ ਦੀ ਉਨ੍ਹਾਂ ਦੀ ਯੋਜਨਾ ਤਿਆਰ ਹੈ ਅਤੇ ਉਹ ਆਪਣੇ ਰਾਜਦੂਤ ਸਟੀਵ ਵਿਟਕਾਫ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਫੌਜ ਸਕੱਤਰ ਡੈਨ ਡ੍ਰਿਸਕਾਲ ਨੂੰ ਯੂਕ੍ਰੇਨੀ ਅਧਿਕਾਰੀਆਂ ਨਾਲ ਗੱਲਬਾਤ ਲਈ ਭੇਜ ਰਹੇ ਹਨ।
ਟਰੰਪ ਨੇ ਸੰਕੇਤ ਦਿੱਤਾ ਕਿ ਉਹ ਵੀ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨਾਲ ਮੁਲਾਕਾਤ ਕਰ ਸਕਦੇ ਹਨ ਪਰ ਗੱਲਬਾਤ ’ਚ ਮਹੱਤਵਪੂਰਨ ਤਰੱਕੀ ਹੋਣ ’ਤੇ। ਉਨ੍ਹਾਂ ਕਿਹਾ ਕਿ ਉਹ ਉਪ ਰਾਸ਼ਟਰਪਤੀ ਜੇ.ਡੀ. ਵੇਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਪੀਟ ਹੇਗਸੇਥ ਅਤੇ ਵ੍ਹਾਈਟ ਹਾਊਸ ਦੀ ਚੀਫ਼ ਆਫ਼ ਸਟਾਫ਼ ਸੂਜ਼ੀ ਵਾਈਲਸ ਤੋਂ ਇਸ ਬਾਰੇ ਜਾਣਕਾਰੀ ਲੈਣਗੇ।
ਟਰੰਪ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਫੌਜ ਸਕੱਤਰ ਡ੍ਰਿਸਕਾਲ ਨੇ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਨੂੰ ਆਬੂ ਧਾਬੀ ’ਚ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਫੌਜ ਸਕੱਤਰ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੈਫ ਟੋਲਬਰਟ ਨੇ ਕਿਹਾ ਕਿ ਗੱਲਬਾਤ ਸਕਾਰਾਤਮਕ ਦਿਸ਼ਾ ਵੱਲ ਵਧ ਰਹੀ ਹੈ।
