ਇਕਲੌਤਾ ਦੇਸ਼ ਜੋ ਅਮਰੀਕਾ ਨਾਲ ਸਿੱਧੇ ਭਿੜਨ ਦੀ ਰੱਖਦੈ ਤਾਕਤ! ਰੱਖਦੈ ਵੱਡਾ ਪ੍ਰਮਾਣੂ ਭੰਡਾਰ
Friday, Dec 05, 2025 - 04:57 PM (IST)
ਇੰਟਰਨੈਸ਼ਨਲ ਡੈਸਕ: ਅੱਜ ਰੂਸ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ। ਇਕ ਅਜਿਹਾ ਦੇਸ਼ ਜਿਸ ਕੋਲ ਪ੍ਰਮਾਣੂ ਹਥਿਆਰਾਂ ਦੇ ਵੱਡੇ-ਵੱਡੇ ਭੰਡਾਰ ਹਨ। ਪ੍ਰਮਾਣੂ ਹਥਿਆਰਾਂ ਦੀ ਇਸ ਜੰਗ 'ਚ ਰੂਸ ਅੱਜ ਵੀ ਅਮਰੀਕਾ (US) ਨੂੰ ਜ਼ਬਰਦਸਤ ਟੱਕਰ ਦੇ ਰਿਹਾ ਹੈ ਤੇ ਅਮਰੀਕਾ ਤੋਂ ਬਾਅਦ ਦੁਨੀਆਂ ਦੀ ਦੂਸਰੀ ਵੱਡੀ ਸ਼ਕਤੀ ਮੰਨਿਆ ਜਾਂਦਾ ਹੈ।
ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਅਮਰੀਕਾ ਤੇ ਸੋਵੀਅਤ ਸੰਘ ਦੋਵੇਂ ਦੇਸ਼ਾਂ 'ਚ ਸ਼ੀਤ ਯੁੱਧ ਖਤਮ ਹੋਣ ਤੋਂ ਬਾਅਦ ਸੋਵੀਅਤ ਸੰਘ (USSR) 15 ਆਜ਼ਾਦ ਦੇਸ਼ਾਂ 'ਚ ਵੰਡਿਆ ਗਿਆ ਸੀ ਜਿਸ 'ਚ ਰੂਸ ਸਭ ਤੋਂ ਵੱਡਾ ਦੇਸ਼ ਸੀ। ਸੋਵੀਅਤ ਸੰਘ (USSR) ਦੀ ਵੰਡ ਤੋਂ ਬਾਅਦ ਸੰਘ ਦਾ ਇਕ ਵੱਡਾ ਹਿੱਸਾ ਜਿਸ 'ਚ ਨਿਊਕਲੀਅਰ ਸਟਾਕ, ਫੌਜੀ ਉਪਕਰਣ, ਊਰਜਾ ਸਰੋਤ ਅਤੇ ਉਦਯੋਗ ਰੂਸ ਨੂੰ ਮਿਲੇ, ਜਿਨ੍ਹਾਂ ਕਰ ਕੇ ਰੂਸ ਨੂੰ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਤਾਕਤ ਮਿਲੀ। ਇਸ ਤੋਂ ਇਲਾਵਾ ਕੁਦਰਤੀ ਸ੍ਰੋਤ ਜਿਵੇਂ ਕਿ ਹੀਰੇ, ਨਿੱਕਲ, ਕੋਬਾਲਟ, ਟਾਈਟੇਨੀਅਮ ਤੇ ਤੇਲ ਦੇ ਭੰਡਾਰ ਵੀ ਰੂਸ ਨੂੰ ਵਧੇਰੇ ਮਿਲੇ।
ਇਸ ਵੰਡ ਨਾਲ ਅਮਰੀਕਾ ਨੂੰ ਲੱਗਿਆ ਕਿ ਸੋਵੀਅਤ ਸੰਘ ਦੀ ਤਰ੍ਹਾਂ ਰੂਸ ਵੀ ਉਸਦੇ ਨਾਲ ਮੁਕਾਬਲੇ ਤੋਂ ਭੱਜ ਜਾਵੇਗਾ ਤੇ ਅਮਰੀਕਾ ਇਕੱਲਾ ਹੀ ਦੁਨੀਆਂ ਦਾ ਇਕਲੌਤਾ ਤਾਕਤਵਰ ਦੇਸ਼ ਬਣ ਜਾਵੇਗਾ ਕਿਉਂਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਤੇ ਸੋਵੀਅਤ ਸੰਘ ਦੁਨੀਆਂ ਦੇ ਦੋ ਤਾਕਤਵਰ ਦੇਸ਼ ਸਨ, ਜਿਹੜੇ ਇਕ-ਦੂਜੇ ਨੂੰ ਪਛਾੜਨ ਲਈ ਪ੍ਰਮਾਣੂ ਹਥਿਆਰ ਬਣਾਉਣ 'ਚ ਲੱਗੇ ਹੋਏ ਸਨ।

ਸੰਘ ਦੀ ਵੰਡ ਤੋਂ ਬਾਅਦ ਯੂਰਪ ਦੇ ਸਾਰੇ ਦੇਸ਼ਾਂ ਨਾਲੋਂ ਰੂਸ ਕੋਲ ਆਬਾਦੀ ਦਾ ਵੱਡਾ ਹਿੱਸਾ ਬਚਿਆ ਸੀ ਜਿਸ ਨਾਲ ਰੂਸ ਦੀ ਫੌਜ, ਇੰਡਸਟਰੀ ਤੇ ਬਾਕੀ ਉਦਯੋਗ ਚੱਲਦੇ ਰਹੇ ਤੇ ਆਉਣ ਵਾਲੇ ਸਮੇਂ 'ਚ ਰੂਸ ਆਰਥਿਕ ਅਤੇ ਸੈਨਾ ਸ਼ਕਤੀ ਪੱਖੋਂ ਹੋਰ ਵੀ ਮਜ਼ਬੂਤ ਹੋ ਗਿਆ ਤੇ ਇਹ ਦੇਸ਼ ਅੱਗੇ ਚੱਲ ਕੇ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗਾ।
ਅੱਜ ਰੂਸ ਕੋਲ ਪ੍ਰਮਾਣੂ ਹਥਿਆਰਾਂ ਦੀ ਇਕ ਵੱਡੀ ਵਿਰਾਸਤ ਹੈ ਤੇ ਰੂਸ ਇਕੱਲਾ ਦੇਸ਼ ਹੈ ਜੋ ਅਮਰੀਕਾ ਨਾਲ ਭਿੜਨ ਲਈ ਹਰ ਸਮੇਂ ਤਿਆਰ ਰਹਿੰਦਾ ਹੈ, ਜਿਸਨੂੰ ਦੁਨੀਆ ਨੇ ਨਾ ਹੀ ਕਦੇ ਹਲਕੇ 'ਚ ਲਿਆ ਅਤੇ ਨਾ ਹੀ ਕਦੇ ਨਜ਼ਰਅੰਦਾਜ਼ ਕੀਤਾ।
