ਵੇਲਜ਼ ਨੇ ਲਗਾਈ ਹਸਪਤਾਲਾਂ, ਸਕੂਲਾਂ ਅਤੇ ਖੇਡ ਮੈਦਾਨਾਂ ''ਚ ਸਿਗਰਟਨੋਸ਼ੀ ''ਤੇ ਪਾਬੰਦੀ
Monday, Mar 01, 2021 - 06:10 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵੇਲਜ਼ ਅਜਿਹਾ ਪਹਿਲਾ ਖੇਤਰ ਬਣ ਗਿਆ ਹੈ, ਜਿਸ ਨੇ ਹਸਪਤਾਲਾਂ, ਸਕੂਲਾਂ, ਜਨਤਕ ਖੇਡ ਦੇ ਮੈਦਾਨਾਂ ਅਤੇ ਬੱਚਿਆਂ ਨਾਲ ਸੰਬੰਧਿਤ ਹੋਰ ਥਾਵਾਂ 'ਤੇ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਈ ਹੈ। ਇਹਨਾਂ ਨਵੇਂ ਨਿਯਮਾਂ ਤਹਿਤ ਕਾਨੂੰਨ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ 100 ਪੌਂਡ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਤੰਬਾਕੂਨੋਸ਼ੀ ਸ਼ੁਰੂ ਕਰਨ ਤੋਂ ਰੋਕਣਾ ਅਤੇ ਛੱਡਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਸਮਰਥਨ ਕਰਨਾ ਹੈ।
ਪੜ੍ਹੋ ਇਹ ਅਹਿਮ ਖਬਰ- ਰਮੇਸ਼ ਸੰਘਾ ਨੇ ਸਿੱਖ ਸਾਂਸਦਾਂ 'ਤੇ ਫਿਰ ਲਾਏ ਖਾਲਿਸਤਾਨੀ ਹਮਾਇਤੀ ਹੋਣ ਦੇ ਦੋਸ਼
ਇਸ ਕਾਨੂੰਨ ਨੂੰ ਲਾਗੂ ਕਰਨ ਅਤੇ ਧੂੰਆਂ ਮੁਕਤ ਵਾਤਾਵਰਨ ਪ੍ਰਤੀ ਜਾਗਰੂਕਤਾ ਲਿਆਉਣ ਦੇ ਯਤਨਾਂ ਤਹਿਤ, ਸਾਊਥ ਵੇਲਜ਼ ਦੇ ਦੋ ਹਸਪਤਾਲਾਂ, ਕਵੇਮਬਰਨ ਵਿੱਚ ਗਰੇਂਜ ਯੂਨੀਵਰਸਿਟੀ ਹਸਪਤਾਲ ਅਤੇ ਨਿਊਪੋਰਟ ਦੇ ਰਾਇਲ ਗਵੇਂਟ ਹਸਪਤਾਲ ਵਿਖੇ ਬਟਨ ਪੈਡ ਵਾਲਾ ਇੱਕ ਆਡੀਓ ਸਪੀਕਰ ਸਿਸਟਮ ਸਥਾਪਤ ਕੀਤਾ ਜਾ ਰਿਹਾ ਹੈ। ਇਸ ਸਿਸਟਮ ਦੇ ਤਹਿਤ ਜੇਕਰ ਕੋਈ ਵੀ ਖੇਤਰ ਵਿੱਚ ਕਿਸੇ ਨੂੰ ਤਮਾਕੂਨੋਸ਼ੀ ਕਰਦੇ ਨੂੰ ਵੇਖਦਾ ਹੈ ਤਾਂ ਉਹ ਇੱਕ ਬਟਨ ਦਬਾ ਕੇ ਲੋਕਾਂ ਨੂੰ ਇੱਕ ਰਿਕਾਰਡ ਕੀਤੇ ਸੰਦੇਸ਼ ਦੁਆਰਾ, ਸਿਗਰਟ ਪੀਣ ਦੀ ਇਜਾਜ਼ਤ ਨਾ ਹੋਣ ਬਾਰੇ ਯਾਦ ਦਿਵਾ ਸਕਦਾ ਹੈ। ਇਸ ਸੰਬੰਧ ਵਿੱਚ ਵੇਲਜ਼ ਦੇ ਮਾਨਸਿਕ ਸਿਹਤ ਮੰਤਰੀ ਐਲਨਡ ਮੋਰਗਨ ਅਨੁਸਾਰ ਇਹ ਕਾਨੂੰਨ ਲਾਗੂ ਕਰਨਾ ਵੇਲਜ਼ ਲਈ ਇੱਕ ਮਾਣ ਵਾਲੀ ਗੱਲ ਹੈ ਅਤੇ ਇਸ ਦੇ ਸਫਲ ਹੋਣ ਦੀ ਵੀ ਪੂਰੀ ਉਮੀਦ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।