ਫਲਾਈਟ ''ਚ ਯਾਤਰੀ ਨੂੰ ਲੱਗੀ ਸੱਟ, ਹੁਣ ਏਅਰਲਾਈਨਜ਼ ਦੇਵੇਗੀ 58 ਲੱਖ ਰੁਪਏ
Tuesday, Apr 20, 2021 - 01:02 PM (IST)
ਡਬਲਿਨ (ਬਿਊਰੋ): ਫਲਾਈਟ ਵਿਚ ਯਾਤਰੀਆਂ ਨਾਲ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਕਈ ਵਾਰ ਹਾਦਸੇ ਇੰਨੇ ਗੰਭੀਰ ਹੁੰਦੇ ਹਨ ਕਿ ਏਅਰਲਾਈਨਜ਼ ਨੂੰ ਮੁਆਵਜ਼ਾ ਵੀ ਦੇਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਆਇਰਲੈਂਡ ਦਾ ਸਾਹਮਣੇ ਆਇਆ ਹੈ। ਆਇਰਲੈਂਡ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ 4 ਸਾਲ ਪਹਿਲਾਂ ਫਲਾਈਟ ਵਿਚ ਹਾਦਸਾ ਵਾਪਰਿਆ ਸੀ। ਇਸ ਮਗਰੋਂ ਉਕਤ ਨੌਜਵਾਨ ਦੀ ਮਾਂ ਨੇ ਏਅਰਲਾਈਨਜ਼ 'ਤੇ ਕੇਸ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿਚ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਅਤੇ ਏਅਰਲਾਈਨਜ਼਼ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਨੌਜਵਾਨ ਨੂੰ ਸੱਟ ਲੱਗਣ ਦੇ ਹਰਜਾਨੇ ਵਜੋਂ ਵੱਡੀ ਰਾਸ਼ੀ ਮੁਆਵਜ਼ੇ ਦੇ ਤੌਰ 'ਤੇ ਦੇਵੇ।
ਆਇਰਲੈਂਡ ਦੇ ਰਹਿਣ ਵਾਲੇ ਏਮਰੇ ਕਰਾਕਯਾ ਨਾਲ ਡਬਲਿਨ ਤੋਂ ਇਸਤਾਂਬੁਲ ਜਾਣ ਵਾਲੀ ਫਲਾਈਟ ਵਿਚ ਇਹ ਹਾਦਸਾ ਵਾਪਰਿਆ ਸੀ। ਵਾਟਰਫੋਰਡ ਸ਼ਹਿਰ ਵਿਚ ਰਹਿਣ ਵਾਲੇ ਏਮਰੇ ਨੇ ਦਾਅਵਾ ਕੀਤਾ ਕਿ ਉਸ ਦੇ ਸੱਜੇ ਪੈਰ 'ਤੇ ਚਾਲਕ ਦਲ ਦੀ ਇਕ ਮੈਂਬਰ ਨੇ ਗਰਮ ਚਾਹ ਸੁੱਟ ਦਿੱਤੀ ਸੀ ਜਿਸ ਕਾਰਨ ਉਸ ਦੇ ਪੈਰ 'ਤੇ ਦਾਗ ਬਣ ਗਿਆ ਹੈ। ਚਾਰ ਸਾਲ ਪਹਿਲਾਂ ਵਾਪਰੀ ਇਸ ਘਟਨਾ ਦੇ ਬਾਅਦ ਏਮਰੇ ਬੁਰੀ ਤਰ੍ਹਾਂ ਘਬਰਾ ਗਿਆ ਸੀ ਅਤੇ ਉਸ ਨੂੰ ਕਾਫੀ ਦਿਨਾਂ ਤੱਕ ਦਰਦ ਹੁੰਦਾ ਰਿਹਾ ਸੀ। ਉਸ ਘਟਨਾ ਦੌਰਾਨ ਏਮਰੇ ਦੀ ਉਮਰ ਸਿਰਫ 13 ਸਾਲ ਸੀ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਸਿਹਤ ਵਿਭਾਗ ਅਤੇ ਉਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦਰਵਾਜ਼ੇ
ਜਦੋਂ ਏਮਰੇ ਦੀ ਮਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਤੁਰਕੀ ਏਅਰਲਾਈਨਜ਼ 'ਤੇ ਕੇਸ ਕਰ ਦਿੱਤਾ ਸੀ।ਏਮਰੇ ਦੀ ਮਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੇਟੇ ਨੂੰ ਇਸ ਹਾਦਸੇ ਮਗਰੋਂ ਕਾਫੀ ਗੰਭੀਰ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਵਿਚੋਂ ਲੰਘਣਾ ਪਿਆ। ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਏਮਰੇ ਦਾ ਪੈਰ ਗਰਮ ਚਾਹ ਪੈਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਸੀ ਅਤੇ ਉਹਨਾਂ ਦੇ ਬੇਟੇ ਦੇ ਜ਼ਖਮ ਨੂੰ ਠੀਕ ਹੋਣ ਵਿਚ ਤਿੰਨ ਤੋਂ ਚਾਰ ਹਫ਼ਤੇ ਦਾ ਸਮਾਂ ਲੱਗਿਆ ਸੀ। ਭਾਵੇਂਕਿ ਇਸ ਦੇ ਬਾਵਜੂਦ ਉਸ ਦੇ ਪੈਰ 'ਤੇ ਦਾਗ ਨੂੰ ਦੇਖਿਆ ਜਾ ਸਕਦਾ ਹੈ।
ਏਮਰੇ ਦੀ ਮਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਹਾਲਾਤ ਇੰਨੇ ਗੰਭੀਰ ਸਨ ਕਿ ਮੈਨੂੰ ਮੇਰੇ ਬੇਟੇ ਨੂੰ ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਨ (Reconstructive Surgeon) ਕੋਲ ਲਿਜਾਣਾ ਪਿਆ ਸੀ। ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਏਮਰੇ ਦੇ ਪੈਰ 'ਤੇ ਸਥਾਈ ਦਾਗ ਦਾ ਜੋਖ਼ਮ ਬਣ ਗਿਆ ਹੈ। ਇਸ ਕੇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਾਈਕੋਰਟ ਜੱਜ ਨੇ ਏਅਰਲਾਈਨਜ਼ ਨੂੰ ਆਦੇਸ਼ ਦਿੱਤੇ ਹਨ ਕਿ ਤੁਰਕੀ ਏਅਰਲਾਈਨਜ਼ ਏਮਰੇ ਨੂੰ ਸੱਟ ਪਹੁੰਚਣ ਕਾਰਨ ਉਸ ਨੂੰ 58 ਲੱਖ ਰੁਪਏ ਦੀ ਰਾਸ਼ੀ ਦੇਵੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।