ਟਰੰਪ-ਓਬਾਮਾ ਜੰਗ : ਹੁਣ ਸਾਬਕਾ ਰਾਸ਼ਟਰਪਤੀ ਬਾਰੇ ਇਹ ਗੱਲ ਆਖ ਗਏ ਡੋਨਾਲਡ ਟਰੰਪ
Monday, May 18, 2020 - 10:25 AM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਐਤਵਾਰ ਨੂੰ 'ਬੇਹੱਦ ਅਯੋਗ ਰਾਸ਼ਟਰਪਤੀ' ਦੱਸਿਆ। ਟਰੰਪ ਦੀ ਇਹ ਪ੍ਰਤਿਕਿਰਿਆ ਉਸ ਸਮੇਂ ਆਈ ਜਦ ਸ਼ਨੀਵਾਰ ਨੂੰ ਓਬਾਮਾ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਦੇ ਕੰਮਕਾਜ ਦੇ ਤਰੀਕਿਆਂ ਦੀ ਨਿੰਦਾ ਕੀਤੀ। ਟਰੰਪ ਨੇ ਕੈਂਪ ਡੇਵਿਡ ਰਵਾਨਾ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,"ਓਬਾਮਾ ਇਕ ਅਯੋਗ ਰਾਸ਼ਟਰਪਤੀ ਸਨ। ਮੈਂ ਇਹ ਕਹਿ ਸਕਦਾ ਹਾਂ, ਬੇਹੱਦ ਅਯੋਗ।"
ਟਰੰਪ ਓਬਾਮਾ ਦੇ ਬਿਆਨ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਓਬਾਮਾ ਨੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਨੇ ਅਮਰੀਕੀ ਅਗਵਾਈ ਦਾ ਪਰਦਾਫਾਸ਼ ਕਰ ਦਿੱਤਾ ਹੈ। ਓਬਾਮਾ ਨੇ ਕਿਸੇ ਅਧਿਕਾਰੀ ਦਾ ਨਾਂ ਲਏ ਬਿਨਾ ਕਿਹਾ ਸੀ ਕਿ ਇੰਨੇ ਸਾਰੇ ਮੁਖੀ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਬਹੁਤੇ ਤਾਂ ਮੁਖੀ ਹੋਣ ਦਾ ਦਿਖਾਵਾ ਵੀ ਨਹੀਂ ਕਰ ਰਹੇ। ਫਿਲਹਾਲ , ਸਾਬਕਾ ਰਾਸ਼ਟਰਪਤੀ ਦੇ ਦਫਤਰ ਤੋਂ ਟਰੰਪ ਦੀ ਟਿੱਪਣੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਦੇ ਕਰੀਬ ਪੁੱਜ ਗਈ ਹੈ, ਜਿਸ ਨੂੰ ਲੈ ਕੇ ਓਬਾਮਾ ਨੇ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ ਸੀ।