ਟਰੰਪ ਨੇ ਇਜ਼ਰਾਇਲ ਦੇ ਨਾਲ ਦੋ ਅਰਬ ਦੇਸ਼ਾਂ ਯੂ.ਏ.ਈ. ਅਤੇ ਬਹਿਰੀਨ ਦਾ ਸਮਝੌਤਾ ਕਰਵਾਇਆ

Wednesday, Sep 16, 2020 - 01:54 AM (IST)

ਟਰੰਪ ਨੇ ਇਜ਼ਰਾਇਲ ਦੇ ਨਾਲ ਦੋ ਅਰਬ ਦੇਸ਼ਾਂ ਯੂ.ਏ.ਈ. ਅਤੇ ਬਹਿਰੀਨ ਦਾ ਸਮਝੌਤਾ ਕਰਵਾਇਆ

ਵਾਸ਼ਿੰਗਟਨ (ਏ.ਪੀ.)- ਇਨ੍ਹੀਂ ਦਿਨੀਂ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਗਾਏ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਵੱਡੀ ਕੌਮਾਂਤਰੀ ਸਫਲਤਾ ਹਾਸਲ ਕੀਤੀ ਹੈ। ਟਰੰਪ ਨੇ ਮੰਗਲਵਾਰ ਨੂੰ ਇਜ਼ਰਾਇਲ ਅਤੇ ਦੋ ਅਰਬ ਦੇਸ਼ਾਂ ਯੂ.ਏ.ਈ. ਅਤੇ ਬਹਿਰੀਨ ਵਿਚਾਲੇ ਇਤਿਹਾਸਕ ਰਾਜਨੀਤਕ ਸਮਝੌਤੇ ਕਰਵਾਏ। ਇਨ੍ਹਾਂ ਸਮਝੌਤਿਆਂ ਨੂੰ 'ਅਬ੍ਰਾਹਿਮ ਸਮਝੌਤਿਆਂ' ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਸਮਝੌਤਿਆਂ ਤੋਂ ਬਾਅਦ ਯਹੂਦੀ ਦੇਸ਼ ਇਜ਼ਰਾਇਲ ਦੇ ਸਬੰਧ ਇਨ੍ਹਾਂ ਦੋ ਮੁਸਲਿਮ ਦੇਸ਼ਾਂ ਨਾਲ ਰਸਮੀ ਤੌਰ 'ਤੇ ਆਮ ਹੋ ਜਾਣਗੇ।

ਇਸ ਸਮਝੌਤੇ ਦਾ ਮਤਲਬ ਹੋਇਆ ਕਿ ਹੁਣ ਯੂ.ਏ.ਈ. ਅਤੇ ਬਹਿਰੀਨ ਇਜ਼ਰਾਇਲ ਨੂੰ ਆਪਣਾ ਦੁਸ਼ਮਨ ਨਹੀਂ ਮੰਨਣਗੇ। ਇਨ੍ਹਾਂ ਦੋ ਦੇਸ਼ਾਂ ਦੀ ਈਰਾਨ ਨਾਲ ਦੁਸ਼ਮਨੀ ਦੇ ਮੱਦੇਨਜ਼ਰ ਇਹ ਸਮਝੌਤਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਮਝੌਤਿਆਂ 'ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਬਹਿਰੀਨ ਦੇ ਵਿਦੇਸ਼ ਮੰਤਰੀ ਖਾਲਿਦ ਬਿਨ ਅਹਿਮਦ ਅਲ ਖਲੀਫਾ ਅਤੇ ਯੂ.ਏ.ਈ. ਵਲੋਂ ਵਿਦੇਸ਼ ਮੰਤਰੀ ਅਬਦੁੱਲਾ ਬਿਨ ਜਾਇਦ ਅਲ ਨਾਹਨ ਅਬ੍ਰਾਹਿਮ ਨੇ ਹਸਤਾਖਰ ਕੀਤੇ।

ਸਮਝੌਤੇ ਵਿਚ ਇਜ਼ਰਾਇਲ-ਫਲਿਸਤੀਨ ਵਿਵਾਦ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਯੂ.ਏ.ਈ. ਅਤੇ ਬਹਿਰੀਨ ਸਮੇਤ ਪੂਰਾ ਮੱਧ ਏਸ਼ੀਆ ਫਲਿਸਤੀਨ ਦਾ ਹਮਾਇਤੀ ਹੈ ਤਾਂ ਅਜਿਹੇ ਵਿਚ ਟਰੰਪ ਨੇ ਦੋਹਾਂ ਦੇਸ਼ਾਂ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਹੈ ਕਿ ਉਹ ਫਲਿਸਤੀਨ ਵਿਵਾਦ ਕਾਰਣ ਇਜ਼ਰਾਇਲ ਨਾਲ ਆਪਣੇ ਸਬੰਧ ਖਰਾਬ ਨਹੀਂ ਕਰਨਗੇ। ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਸਮਝੌਤਿਆਂ ਨੂੰ ਇਕ ਨਵੇਂ ਮੱਧ ਏਸ਼ੀਆ ਦੀ ਸਵੇਰ ਦਾ ਨਾਂ ਦਿੱਤਾ ਹੈ।


author

Sunny Mehra

Content Editor

Related News