ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਇਸਲਾਮਾਬਾਦ ''ਚ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀ

11/01/2019 2:27:30 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਇਸਲਾਮਾਬਾਦ 'ਚ ਇਕੱਠੇ ਹੋਏ ਹਨ। ਪ੍ਰਦਰਸ਼ਨਕਾਰੀ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਖੱਬੇਪੱਖੀ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇ.ਯੂ.ਆਈ.-ਐੱਫ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ 27 ਅਕਤੂਬਰ ਨੂੰ ਹੋਰ ਵਿਰੋਧੀ ਦਲਾਂ ਦੇ ਨੇਤਾਵਾਂ ਦੇ ਨਾਲ ਦੱਖਣੀ ਸਿੰਧ ਤੋਂ ਆਜ਼ਾਦੀ ਮਾਰਚ ਦੀ ਸ਼ੁਰੂਆਤ ਕੀਤੀ ਹੈ। ਇਹ ਲੋਕ ਖਾਨ 'ਤੇ 2018 ਦੀਆਂ ਆਮ ਚੋਣਾਂ 'ਚ ਧੋਖਾਧੜੀ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਅਰਥਵਿਵਸਥਾ, ਗਲਤ ਪ੍ਰਬੰਧਨ, ਅਸਮਰਥਾ ਦਾ ਦੋਸ਼ ਵੀ ਲਾਇਆ, ਜਿਸ ਨਾਲ ਆਮ ਆਦਮੀ ਦੀਆਂ ਮੁਸ਼ਕਲਾਂ ਵਧੀਆਂ ਹਨ।

ਜਮੀਅਤ ਨੇਤਾਵਾਂ ਨੇ ਕਿਹਾ ਕਿ ਰਹਿਮਾਨ ਦਾ 31 ਅਕਤੂਬਰ ਨੂੰ ਇਸਲਾਮਾਬਾਦ ਪਹੁੰਚਣ ਦਾ ਪ੍ਰੋਗਰਾਮ ਸੀ ਪਰ ਕਾਫਿਲੇ 'ਚ ਸੈਂਕੜਿਆਂ ਦੀ ਗਿਣਤੀ 'ਚ ਵਾਹਨਾਂ ਦੇ ਹੋਣ ਕਾਰਨ ਰਫਤਾਰ ਹੌਲੀ ਹੋਈ ਤੇ ਇਸ 'ਚ ਦੇਰ ਹੋ ਗਈ। ਮੌਲਾਨਾ ਨੇ ਸੁਕੂਰ, ਮੁਲਤਾਨ, ਲਾਹੌਰ ਤੇ ਗੁਜਰਾਂਵਾਲਾ ਦੇ ਰਸਤੇ ਆਪਣਾ ਸਫਰ ਤੈਅ ਕੀਤਾ ਤੇ ਸ਼ੁੱਕਰਵਾਰ ਨੂੰ ਤੜਕੇ ਇਸਲਾਮਾਬਾਦ ਪਹੁੰਚੇ। ਉਨ੍ਹਾਂ ਨੇ ਰਸਤੇ 'ਚ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਉਹ (ਪ੍ਰਧਾਨ ਮੰਤਰੀ ਖਾਨ) ਚੋਣਾਂ 'ਚ ਧੋਖਾਧੜੀ ਕਰ ਸੱਤਾ 'ਚ ਆਏ ਹਨ। ਉਨ੍ਹਾਂ ਨੂੰ ਸਪੱਸ਼ਟ ਸੰਕੇਤ ਦੇਖਣੇ ਚਾਹੀਦੇ ਹਨ ਤੇ ਅਸਤੀਫਾ ਦੇਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਬਾਹਰ ਕਰ ਦੇਵਾਂਗੇ।

ਇਸਲਾਮਾਬਾਦ 'ਚ ਪ੍ਰਦਰਸ਼ਨਕਾਰੀਆਂ ਦਾ ਅੰਕੜਾ ਹੋਰ ਵਧ ਗਿਆ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਪਾਕਿਸਤਾਨ ਪੀਪਲਸ ਪਾਰਟੀ ਸਣੇ ਵਿਰੋਧੀ ਦਲਾਂ ਦੇ ਸਮਰਥਕ ਵੀ ਸਰਕਾਰ ਵਿਰੋਧੀ ਇਸ ਪ੍ਰਦਰਸ਼ਨ 'ਚ ਸ਼ਾਮਲ ਹੋ ਗਏ। ਇਹ ਪ੍ਰਦਰਸ਼ਨਕਾਰੀ ਪੇਸ਼ਾਵਰ ਪਰੇਡ ਦੇ ਨੇੜੇ ਇਕ ਵਿਸ਼ਾਲ ਮੈਦਾਨ 'ਚ ਰੁਕੇ ਹੋਏ ਹਨ, ਜਿਥੇ ਵੱਖ-ਵੱਖ ਸਿਆਸੀ ਦਲਾਂ ਨੇ ਆਪਣੇ ਵਰਕਰਾਂ ਨੂੰ ਠਹਿਰਾਉਣ ਲਈ ਤੰਬੂ ਲਾਏ ਹਨ। ਇਥੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਪੀਪੀਪੀ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਇਮਰਾਨ ਖਾਨ ਇਕ ਕਠਪੁਤਲੀ ਹਨ ਤੇ ਰਾਸ਼ਟਰ ਆਪਣਾ ਸਿਰ ਇਕ ਚੁਣੇ ਹੋਏ ਪ੍ਰਧਾਨ ਮੰਤਰੀ ਤੇ ਉਸ ਦੀ ਚੋਣ ਕਰਨ ਵਾਲਿਆਂ ਸਾਹਮਣੇ ਝੁਕਾਉਣ ਲਈ ਤਿਆਰ ਨਹੀਂ ਹੈ। ਰਹਿਮਾਨ ਨੇ ਇਕ ਟਵੀਟ 'ਚ ਕਿਹਾ ਕਿ ਸਾਰੇ ਪ੍ਰਦਰਸ਼ਨਕਾਰੀਆਂ ਤੇ ਵਿਰੋਧੀ ਨੇਤਾਵਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ।


Baljit Singh

Content Editor

Related News