ਜੇਲ ’ਚ ਬੰਦ ਇਮਰਾਨ ਖਾਨ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਕੇਜਰੀਵਾਲ ਦੀ ਦਿੱਤੀ ਉਦਾਹਰਣ
Saturday, Jun 08, 2024 - 12:19 AM (IST)
ਇਸਲਾਮਾਬਾਦ, (ਭਾਸ਼ਾ)- ਜੇਲ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨਾਲ ਕੀਤੇ ਗਏ ਭੈੜੇ ਸਲੂਕ ਦੀ ਸੁਪਰੀਮ ਕੋਰਟ ’ਚ ਸ਼ਿਕਾਇਤ ਕੀਤੀ ਅਤੇ ਭਾਰਤ ’ਚ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਉਦਾਹਰਣ ਦਿੱਤੀ।
ਰਾਸ਼ਟਰੀ ਜਵਾਬਦੇਹੀ ਆਰਡੀਨੈਂਸ ’ਚ ਸੋਧ ਨਾਲ ਜੁੜੇ ਇਕ ਮਾਮਲੇ ’ਚ ਚੀਫ ਜਸਟਿਸ ਕਾਜੀ ਫੈਜ ਈਸਾ ਦੀ ਪ੍ਰਧਾਨਗੀ ਵਾਲੀ ਚੋਟੀ ਦੀ ਅਦਾਲਤ ਦੀ 5 ਮੈਂਬਰੀ ਬੈਂਚ ਦੇ ਸਾਹਮਣੇ ਵੀਰਵਾਰ ਨੂੰ ਆਪਣੀ ਪੇਸ਼ੀ ਦੌਰਾਨ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਨੇ ਅਪ੍ਰੈਲ 2022 ’ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ।
ਖਾਨ (71) ਨੇ ਵਰਨਣ ਕੀਤਾ ਕਿ ਭਾਰਤ ’ਚ ਆਮ ਚੋਣਾਂ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉੱਥੋਂ ਦੀ ਸੁਪਰੀਮ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕੀਤਾ ਸੀ ਤਾਂ ਕਿ ਉਹ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਸਕਣ ਪਰ ਉਹ (ਖਾਨ) ਪਾਕਿਸਤਾਨ ’ਚ ਜ਼ੁਲਮ ਦਾ ਸਾਹਮਣਾ ਕਰ ਰਹੇ ਹਨ ਜਿੱਥੇ ਅਣਐਲਾਨਿਆਂ ਮਾਰਸ਼ਲ ਲਾਅ ਲੱਗਾ ਹੋਇਆ ਹੈ। ਖਾਨ ਨੇ ਸ਼ਿਕਾਇਤ ਕੀਤੀ ਕਿ 8 ਫਰਵਰੀ ਨੂੰ ਹੋਈਆਂ ਪਾਕਿਸਤਾਨ ਦੀਆਂ ਚੋਣਾਂ ਤੋਂ ਦੂਰ ਰੱਖਣ ਲਈ ਪੰਜ ਦਿਨ ਦੇ ਅੰਦਰ ਹੀ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ।