ਪਾਕਿਸਤਾਨ ਸਰਕਾਰ ਨੇ ਇਮਰਾਨ ਦੀ ਪਾਰਟੀ ਨੂੰ ਦਿੱਤੀ ਚਿਤਾਵਨੀ, ਕਿਹਾ- ਰਾਸ਼ਟਰ ਵਿਰੋਧੀ ਗਤੀਵਿਧੀ ਕਰੋ ਬੰਦ
Monday, Jun 17, 2024 - 05:20 PM (IST)
ਇਸਲਾਮਾਬਾਦ (ਭਾਸ਼ਾ)- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ 'ਰਾਸ਼ਟਰ ਵਿਰੋਧੀ ਗਤੀਵਿਧੀਆਂ ਅਤੇ ਗਲਤ ਪ੍ਰਚਾਰ' ਨੂੰ ਬੰਦ ਕਰਨ ਦੀ ਅਪੀਲ ਕਰਦੇ ਹੋਏ ਸਰਕਾਰ ਨੇ ਚਿਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਉਹ ਮਿੱਤਰ ਦੇਸ਼ਾਂ ਨਾਲ ਸੰਬੰਧ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ 'ਚ ਸੋਸ਼ਲ ਮੀਡੀਆ 'ਤੇ ਰਾਸ਼ਟਰ ਵਿਰੋਧੀ ਮੁਹਿੰਮ ਚਲਾਉਣ 'ਚ ਸ਼ਾਮਲ ਲੋਕਾਂ 'ਤੇ ਸ਼ਿਕੰਜਾ ਕੱਸੇਗੀ। ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ, ਐਤਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਾਨੂੰਨੀ ਮਾਮਲਿਆਂ ਦੇ ਬੁਲਾਰੇ ਅਕੀਲ ਮਲਿਕ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵਿਦੇਸ਼ਾਂ 'ਚ ਜਿਸ ਤਰ੍ਹਾਂ ਪਾਕਿਸਤਾਨ ਵਿਰੋਧੀ ਗਤੀਵਿਧੀ ਚਲਾ ਰਹੀ ਹੈ, ਪਹਿਲਾਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ।
ਉਨ੍ਹਾਂ ਕਿਹਾ,''ਪਾਕਿਸਤਾਨ ਇਕ ਆਜ਼ਾਦ ਦੇਸ਼ ਹੈ ਅਤੇ ਕਿਸੇ ਦੂਜੇ ਦੇਸ਼ ਤੋਂ ਉਹ ਨਿਰਦੇਸ਼ ਨਹੀਂ ਲੈਂਦਾ। ਅਸੀਂ ਸਾਰੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਚਾਹੁੰਦੇ ਹਾਂ। ਹਾਲਾਂਕਿ 2022 ਦੇ ਬੇਭਰੋਸਗੀ ਮਤੇ ਦੇ ਬਾਅਦ ਤੋਂ ਵਿਦੇਸ਼ਾਂ 'ਚ ਪਾਕਿਸਤਾਨ ਖ਼ਿਲਾਫ਼ ਬਦਨਾਮੀਕਾਰਕ ਮੁਹਿੰਮ ਸ਼ੁਰੂ ਹੋ ਗਈ ਹੈ, ਜਿਸ ਨੇ ਪਾਕਿਸਤਾਨ ਵਿਰੋਧੀ ਗਲਤ ਪ੍ਰਚਾਰ ਨੂੰ ਉਤਸ਼ਾਹ ਦਿੱਤਾ ਹੈ।'' ਮਲਿਕ ਨੇ ਦੋਸ਼ ਲਗਾਇਆ ਕਿ ਪੀਟੀਆਈ ਨੇ ਦੂਜੇ ਦੇਸ਼ਾਂ 'ਚ ਪਾਕਿਸਤਾਨ ਵਿਰੋਧੀ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਲਾਮਬੰਦੀ ਕਰਨ ਵਾਲਿਆਂ ਅਤੇ ਜਨਸੰਪਰਕ ਕੰਪਨੀਆਂ ਨੂੰ ਕੰਮ 'ਤੇ ਰੱਖਿਆ ਹੈ। ਇਸ ਦੇ ਨਾਲ ਹੀ ਪਾਰਟੀ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਮਿੱਤਰ ਦੇਸ਼ਾਂ ਨਾਲ ਪਾਕਿਸਤਾਨ ਦੇ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ 'ਚ ਸੋਸ਼ਲ ਮੀਡੀਆ 'ਤੇ ਦੇਸ਼ ਵਿਰੋਧੀ ਮੁਹਿੰਮ ਚਲਾਉਣ 'ਚ ਸ਼ਾਮਲ ਲੋਕਾਂ 'ਤੇ ਸ਼ਿਕੰਜਾ ਕੱਸੇਗੀ। ਖ਼ਬਰ 'ਚ ਕਿਹਾ ਗਿਆ ਹੈ ਕਿ ਬੁਲਾਰੇ ਨੇ ਪੀਟੀਆਈ ਨੂੰ ਅਪੀਲ ਕੀਤੀ ਕਿ ਉਹ ਆਪਣੀ 'ਰਾਸ਼ਟਰ ਵਿਰੋਧੀ ਗਤੀਵਿਧੀਆਂ ਅਤੇ ਗਲਤ ਪ੍ਰਚਾਰ' ਨੂੰ ਛੱਡ ਦੇਵੇ ਅਤੇ ਗਲੋਬਲ ਮੰਚਾਂ 'ਤੇ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਹੱਲ 'ਤੇ ਵਿਚਾਰ ਕਰਨ ਲਈ ਰਾਜਨੀਤਕ ਮੁੱਦਿਆਂ 'ਤੇ ਸਰਕਾਰ ਨਾਲ ਗੱਲਬਾਤ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8