ਇਮਰਾਨ ਖਾਨ ਦੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਦੁਹਰਾਈ
Sunday, Jun 23, 2024 - 05:21 PM (IST)
ਇਸਲਾਮਾਬਾਦ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਐਤਵਾਰ ਨੂੰ 'ਆਜ਼ਾਦ ਅਤੇ ਨਿਰਪੱਖ' ਚੋਣਾਂ ਕਰਵਾਉਣ ਵਿਚ ਅਸਫਲ ਰਹਿਣ ਲਈ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੇ ਤੁਰੰਤ ਅਸਤੀਫੇ ਦੀ ਮੰਗ ਨੂੰ ਦੁਹਰਾਇਆ ਅਤੇ ਪਾਰਟੀ ਵਿਰੁੱਧ ਹੋ ਰਹੇ 'ਬੇਇਨਸਾਫ਼ੀ' ਦੇ ਖਿਲਾਫ ਪ੍ਰਦਰਸ਼ਨ ਕੀਤਾ। ਮੀਡੀਆ ਰਿਪੋਰਟਾਂ 'ਚ ਇਹ ਗੱਲ ਕਹੀ ਗਈ ਹੈ।
'ਦਿ ਐਕਸਪ੍ਰੈਸ ਟ੍ਰਿਬਿਊਨ' ਅਖਬਾਰ ਨੇ ਦੱਸਿਆ ਕਿ ਖਾਨ (71) ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਨੇਤਾਵਾਂ ਨੇ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਨੈਸ਼ਨਲ ਅਸੈਂਬਲੀ (ਸੰਸਦ ਦੇ ਹੇਠਲੇ ਸਦਨ) ਦੇ ਹੋਰ ਮੈਂਬਰਾਂ ਦੇ ਨਾਲ ਰਾਜਧਾਨੀ ਇਸਲਾਮਾਬਾਦ 'ਚ ਸੰਸਦ ਤੋਂ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਦੇ ਦਫਤਰ ਤੱਕ ਇਕ ਰੈਲੀ ਕੱਢੀ। ਵਿਰੋਧੀ ਧਿਰ ਦੇ ਨੇਤਾ ਅਤੇ ਪੀਟੀਆਈ ਨੇਤਾ ਉਮਰ ਅਯੂਬ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੋਣਾਂ ਵਿੱਚ ਕਥਿਤ ਧਾਂਦਲੀ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜਾ ਅਤੇ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਅਸਤੀਫੇ ਦੀ ਮੰਗ ਕੀਤੀ।
ਪਾਕਿਸਤਾਨ 'ਚ 8 ਫਰਵਰੀ ਨੂੰ ਹੋਈਆਂ ਵਿਵਾਦਪੂਰਨ ਆਮ ਚੋਣਾਂ 'ਚ ਵੱਡੇ ਪੱਧਰ 'ਤੇ ਧਾਂਦਲੀ ਦੇ ਦੋਸ਼ ਲੱਗੇ ਸਨ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖਬਾਰ ਨੇ ਦੱਸਿਆ ਕਿ ਰੈਲੀ ਦੌਰਾਨ ਅਯੂਬ ਨੇ ਮੁੱਖ ਚੋਣ ਕਮਿਸ਼ਨਰ ਰਾਜਾ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਹੋਰ ਮੈਂਬਰਾਂ ਦੇ ਤੁਰੰਤ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਚੋਣ ਕਮਿਸ਼ਨ ਆਪਣਾ ਸੰਵਿਧਾਨਕ ਫਰਜ਼ ਨਿਭਾਉਣ ਵਿੱਚ ਅਸਫਲ ਰਿਹਾ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਚੋਣ ਕਮਿਸ਼ਨ ਦੇ ਕੇਂਦਰੀ ਦਫ਼ਤਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਕਿਉਂਕਿ ਚੋਣ ਕਮਿਸ਼ਨ ਦੀ ਇਮਾਰਤ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਪਾਰਟੀ ਦੇ ਸੰਸਥਾਪਕ ਅਤੇ ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਖਾਨ ਦੀ ਰਿਹਾਈ ਲਈ ਨਾਅਰੇਬਾਜ਼ੀ ਵੀ ਕੀਤੀ ਗਈ।