ਇਮਰਾਨ ਖਾਨ ਨੂੰ ਅਯੋਗ ਠਹਿਰਾਉਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਹੋਈ ਅਪੀਲ, ਹੁਣ ਸੁਪਰੀਮ ਕੋਰਟ ਕਰੇਗਾ ਸੁਣਵਾਈ

06/16/2024 4:43:19 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 2018 ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਆਪਣੀ ਕਥਿਤ ਧੀ ਟਾਇਰੀਅਨ ਵ੍ਹਾਈਟ ਦਾ ਨਾਮ ਲੁਕਾਉਣ ਲਈ ਅਯੋਗ ਠਹਿਰਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਖ਼ਿਲਾਫ਼ ਅਪੀਲ ਕੀਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ (IHC) ਨੇ ਪਿਛਲੇ ਮਹੀਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ 71 ਸਾਲਾ ਸੰਸਥਾਪਕ ਨੇ 2018 ਦੀਆਂ ਆਮ ਚੋਣਾਂ ਲੜਨ ਲਈ ਆਪਣੇ ਨਾਮਜ਼ਦਗੀ ਪੱਤਰਾਂ ਵਿਚ ਆਪਣੀ ਕਥਿਤ ਧੀ - ਟਾਇਰੀਅਨ ਵ੍ਹਾਈਟ - ਦਾ ਖੁਲਾਸਾ ਨਹੀਂ ਕੀਤਾ ਸੀ। ਖਾਨ ਦੀ ਪਾਰਟੀ ਪੀ.ਟੀ.ਆਈ. ਨੇ 2018 ਦੀਆਂ ਆਮ ਚੋਣਾਂ ਜਿੱਤੀਆਂ ਅਤੇ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਅਗਸਤ 2018 ਤੋਂ ਅਪ੍ਰੈਲ 2022 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ। ਤਿੰਨ ਜੱਜਾਂ ਦੀ ਬੈਂਚ ਦੇ ਪਹਿਲਾਂ ਮਾਮਲੇ ਨੂੰ ਖਾਰਜ ਕਰਨ ਦੇ ਮੱਦੇਨਜ਼ਰ ਆਈ.ਐੱਚ.ਸੀ. ਨੇ ਵੀ ਇਸ ਨੂੰ ਖਾਰਜ ਕਰ ਦਿੱਤਾ।

ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੇ ਪਿਛਲੇ ਸਾਲ ਦਿੱਤੀ ਗਈ ਦੋਹਾਂ ਜੱਜਾਂ ਦੀ ਰਾਏ ਪੜ੍ਹੀ ਅਤੇ ਫ਼ੈਸਲਾ ਸੁਣਾਇਆ ਕਿ ਮਾਮਲਾ ਪਹਿਲੇ ਹੀ ਖਾਰਜ ਕੀਤਾ ਜਾ ਚੁੱਕਿਆ ਹੈ। ਪਟੀਸ਼ਨਕਰਤਾ ਮੁਹੰਮਦ ਸਾਜਿਦ ਨੇ ਆਪਣੇ ਵਕੀਲ ਸਾਦ ਮੁਮਤਾਜ਼ ਹਾਸ਼ਮੀ ਦੇ ਮਾਧਿਅਮ ਨਾਲ ਸ਼ਨੀਵਾਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਕਿ ਇਸਲਾਮਾਬਾਦ ਹਾਈ ਕੋਰਟ ਦੀ ਪੂਰਨ ਬੈਂਚ ਨੇ ਤਿੰਨ 'ਚੋਂ 2 ਜੱਜਾਂ ਦੀ ਸਹਿਮਤੀ ਵਾਲੀ ਰਾਏ ਨੂੰ ਅਦਾਲਤੀ ਫ਼ੈਸਲਾ ਮੰਨਣ 'ਚ ਗਲਤੀ ਕੀਤੀ ਹੈ। ਪਟੀਸ਼ਨਕਰਤਾ ਅਨੁਸਾਰ, ਖਾਨ ਨੇ ਮਿਆਂਵਲੀ ਚੋਣ ਖੇਤਰ ਤੋਂ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਆਪਣੀ ਕਥਿਤ ਧੀ ਬਾਰੇ ਜ਼ਿਕਰ ਨਹੀਂ ਕੀਤਾ ਸੀ ਅਤੇ ਸਿਰਫ਼ ਆਪਣੀ ਪਤਨੀ ਬੁਸ਼ਰਾ ਬੀਬੀ ਅਤੇ ਵਿਦੇਸ਼ 'ਚ ਰਹਿਣ ਵਾਲੇ ਕਾਸਿਮ ਖਆਨ ਅਤੇ ਸੁਲੇਮਾਨ ਖਾਨ 2 ਪੁੱਤਾਂ ਦਾ  ਹੀ ਵੇਰਵਾ ਦਿੱਤਾ ਸੀ।

ਪਟੀਸ਼ਨਕਰਤਾ ਨੇ ਕਿਹਾ ਕਿ ਖਾਨ ਨੇ ਝੂਠਾ ਹਲਫ਼ਨਾਮਾ ਪੇਸ਼ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਅਯੋਗ ਠਹਿਰਾਇਆ ਜਾਣਾ ਚਾਹੀਦਾ। ਪਟੀਸ਼ਨ 'ਚ ਕਿਹਾ ਗਿਆ ਕਿ ਇਹ ਇਕ ਨਿਰਵਿਵਾਦ ਤੱਥ ਹੈ ਕਿ 15 ਜੂਨ 1992 ਨੂੰ ਜਨਮੀ ਵ੍ਹਾਈਟ, ਖਾਨ ਦੀ ਅਸਲੀ ਧੀ ਹੈ, ਕਿਉਂਕਿ ਕੈਲੀਫੋਰਨੀਆ, ਅਮਰੀਕਾ ਦੀਆਂ ਅਦਾਲਤਾਂ 'ਚ ਨਿਆਇਕ ਰਿਕਾਰਡ ਵਲੋਂ ਉਸ ਦੇ ਪਿਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਪਟੀਸ਼ਨ 21 ਮਈ 2024 ਨੂੰ ਆਈ.ਐੱਚ.ਸੀ. ਦੀ ਪੂਰਨ ਬੈਂਚ ਦੇ ਸਾਹਮਣੇ ਤੈਅ ਕੀਤੀ ਗਈ ਸੀ ਪਰ ਬੈਂਚ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੀ ਬਜਾਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਆਪਣੀ ਪਟੀਸ਼ਨ 'ਤੇ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੀ ਬਜਾਏ ਉਸ ਨੂੰ ਖਾਰਜ ਕਰਨ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨਕਰਤਾ ਨੇ ਤਰਕ ਦਿੱਤਾ ਕਿ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ 2 ਜੱਜਾਂ ਦੀ ਰਾਏ ਸਰਵਉੱਚ ਅਦਾਲਤ ਵਲੋਂ ਕਈ ਫ਼ੈਸਲਿਆਂ 'ਚ ਐਲਾਨ ਕਾਨੂੰਨ ਦੇ ਮੱਦੇਨਜ਼ਰ ਫ਼ੈਸਲਾ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News