ਆਸਟਰੇਲੀਆ ''ਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸੇਵਾ ''ਚ ਲੱਗੀ ਇਹ ਸਿੰਘਣੀ (ਵੀਡੀਓ)
Thursday, Jan 09, 2020 - 10:59 AM (IST)
ਵਿਕਟੋਰੀਆ- ਅਕਸਰ ਦੁਨੀਆ ਭਰ ਵਿਚ ਕਿਸੇ ਵੀ ਥਾਂ ਮੁਸੀਬਤ ਦੀ ਘੜੀ ਬਣਨ 'ਤੇ ਸਿੱਖ ਭਾਈਚਾਰਾ ਹਮੇਸ਼ਾ ਆਪਣੀ ਸੇਵਾ ਦੇਣ ਲਈ ਤਿਆਰ ਰਹਿੰਦਾ ਹੈ। ਇਸ ਦੀ ਇਕ ਵੱਡੀ ਮਿਸਾਲ ਹੈ ਸੁਖਵਿੰਦਰ ਕੌਰ, ਜੋ ਕਿ ਆਸਟਰੇਲੀਆਂ ਵਿਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਲੰਗਰ ਦੀ ਸੇਵਾ ਵਿਚ ਲੱਗੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਕਿ ਸੁਖਵਿੰਦਰ ਕੌਰ ਵਿਕਟੋਰੀਆ ਵਿਚ ਸੇਵਾ ਨਿਭਾ ਰਹੀ ਹੈ ਤੇ ਉਸ ਨੇ ਹਾਲ ਹੀ ਵਿਚ 10 ਸਾਲ ਬਾਅਦ ਪੰਜਾਬ ਜਾਣਾ ਸੀ, ਜਿਥੇ ਉਸ ਦੀ ਭੈਣ ਕੌਮਾ ਵਿਚ ਹੈ ਪਰ ਭਾਵਨਾਵਾਂ 'ਤੇ ਕਾਬੂ ਰੱਖਦਿਆਂ ਉਸ ਨੇ ਮਨੁੱਖਤਾ ਨੂੰ ਪਹਿਲ ਦਿੱਤੀ। ਸੁਖਵਿੰਦਰ ਕੌਰ ਪ੍ਰਭਾਵਿਤ ਲੋਕਾਂ ਲਈ ਦਿਨ-ਰਾਤ ਇਕ ਕਰਕੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾ ਰਹੀ ਹੈ। ਰੁਜ਼ਾਨਾ ਤੜਕਸਾਰ ਉਠ ਕੇ ਰਾਤ ਦੇ 11-11 ਵਜੇ ਤੱਕ ਸੁਖਵਿੰਦਰ ਲੰਗਰ ਦੀ ਸੇਵਾ ਵਿਚ ਲੱਗੀ ਰਹਿੰਦੀ ਹੈ। ਵਿਕਟੋਰੀਆ ਦੇ ਪ੍ਰੀਮੀਅਰ ਨੇ ਵੀ ਸੁਖਵਿੰਦਰ ਤੇ ਉਸ ਦੀ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਦੀ ਸ਼ਲਾਘਾ ਕੀਤੀ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ। ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਜਦਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ।