ਖੇਤ ''ਚ ਨਾੜ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
Monday, Apr 21, 2025 - 08:18 PM (IST)

ਮੋਗਾ, (ਵਿਪਨ ਓਂਕਾਰਾ) : ਮੋਗਾ ਜੀਟੀ ਰੋਡ 'ਤੇ ਧਵਨ ਪੈਲੇਸ ਨੇੜੇ ਖੇਤਾਂ 'ਚ ਖੜ੍ਹੀ ਨਾੜ ਨੂੰ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜੇਕਰ ਥੋੜ੍ਹੀ ਜਿਹੀ ਵੀ ਦੇਰੀ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪਹੁੰਚੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ 'ਚ ਸੂਚਨਾ ਮਿਲਦੇ ਹੀ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜ਼ਿਕਰਯੋਗ ਹੈ ਦਿਨੋਂ-ਦਿਨ ਗਰਮੀ ਵੱਧ ਰਹੀ ਹੈ ਅਤੇ ਇਸਦੇ ਨਾਲ ਮੌਸਮ 'ਚ ਵੀ ਬਦਲਾਅ ਆ ਰਿਹਾ ਹੈ, ਜਿਸ ਕਾਰਨ ਹਨੇਰੀ ਆਉਣ ਕਾਰਨ ਖੇਤਾਂ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ 'ਚੋਂ ਚਿੰਗਿਆਰੇ ਨਿਕਲ ਜਾਂਦੇ ਹਨ। ਇਸ ਕਾਰਨ ਜ਼ਿਆਦਾਤਰ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਕਿਸਾਨਾਂ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਉਹ ਜਿਹੜੇ ਖੇਤਾਂ ਤੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਉਨ੍ਹਾਂ ਦੇ ਹੇਠਾਂ ਪਹਿਲਾਂ ਹੀ ਸਫਾਈ ਕਰਵਾ ਕੇ ਰੱਖਣ।