ਅੱਗ ਨਾਲ ਝੁਲਸੇ ਵਿਅਕਤੀ ਦੀ ਇਲਾਜ ਦੌਰਾਨ ਮੌਤ
Tuesday, Apr 29, 2025 - 10:51 AM (IST)

ਭੀਖੀ (ਤਾਇਲ) : ਪਿੰਡ ਹਮੀਰਗੜ੍ਹ ਢੈਪਈ ਵਿਖੇ ਬੀਤੇ ਦਿਨੀਂ ਕਣਕ ਦੀ ਨਾੜ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ’ਚ ਆਏ 2 ਪਿੰਡ ਵਾਸੀਆਂ ’ਚੋਂ ਇਕ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਕੁਲਦੀਪ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ ਨੂੰ ਪਿੰਡ ਦੀ ਹਦੂਦ ਵਿਚ ਕਣਕ ਦੀ ਨਾੜ ਨੂੰ ਲੱਗੀ ਭਿਆਨਕ ਅੱਗ ਵਿਚ ਉਨ੍ਹਾਂ ਦੇ ਚਾਚਾ ਪੰਚਾਇਤ ਮੈਂਬਰ ਬਾਵਾ ਰਾਮ (65) ਪੁੱਤਰ ਜਗਨਨਾਥ ਗੰਭੀਰ ਰੂਪ ਵਿਚ ਝੁਲਸੇ ਗਏ ਸਨ, ਜਿਨ੍ਹਾਂ ਨੂੰ ਪਹਿਲਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਸੀ। ਉਨ੍ਹਾਂ ਦੀ ਬਾਅਦ ਦੁਪਹਿਰ ਇਲਾਜ ਦੌਰਾਨ ਮੌਤ ਹੋ ਗਈ।
ਦੱਸਣਯੋਗ ਹੈ ਕਿ ਬਾਵਾ ਰਾਮ ਅਣਵਿਆਹਿਆ ਸੀ ਅਤੇ ਆਪਣੇ ਭਤੀਜੇ ਨਾਲ ਰਹਿ ਰਿਹਾ ਸੀ। ਕੁਲਦੀਪ ਕੁਮਾਰ ਨੇ ਦੱਸਿਆ ਕਿ ਨਾੜ ਨੂੰ ਲੱਗੀ ਅੱਗ ਵਿਚ ਉਨ੍ਹਾਂ ਦੇ 14 ਏਕੜ ਦੇ ਕਰੀਬ ਨਾੜ ਸੜਣ ਤੋਂ ਇਲਾਵਾ ਟਰਾਂਫਾਰਮਰ, ਕੇਬਲ ਤਾਰ ਅਤੇ ਮੋਟਰ ਵਾਲਾ ਕੋਠਾ ਵੀ ਮਚ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਮਦਦ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਧਨਜੀਤ ਸਿੰਘ ਢੈਪਈ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਸਿੱਧੇ ਫੰਡਾਂ ਤੇ ਮੰਡੀਕਰਨ ਬੋਰਡ ਤੋਂ ਵਿਸ਼ੇਸ਼ ਖੇਤੀ ਹਾਦਸਾ ਵਿੱਤੀ ਮਦਦ ਮੁਹੱਈਆ ਕਰਵਾਏ।