ਭਿਆਨਕ ਅੱਗ ਲੱਗਣ ਕਾਰਨ 12 ਏਕੜ ਫਸਲ ਸੜੀ, ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ

Wednesday, Apr 23, 2025 - 07:59 PM (IST)

ਭਿਆਨਕ ਅੱਗ ਲੱਗਣ ਕਾਰਨ 12 ਏਕੜ ਫਸਲ ਸੜੀ, ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ

ਬਠਿੰਡਾ (ਵਿਜੈ ਵਰਮਾ) : ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਪਿੰਡ ਵਿਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਰਹਸਮੀ ਹਾਲਾਤਾਂ 'ਚ ਲੱਗੀ ਅੱਗ ਨੇ ਲਗਭਗ 12 ਏਕੜ ਜ਼ਮੀਨ 'ਤੇ ਖੜੀ ਕਣਕ ਦੀ ਫਸਲ ਨੂੰ ਸਾੜ ਕੇ ਰਾਖ ਕਰ ਦਿੱਤਾ। ਇਸ ਅੱਗ ਨੇ ਇਲਾਕੇ ਦੇ ਕਈ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ।

ਜਾਣਕਾਰੀ ਅਨੁਸਾਰ, ਸੰਤ ਸਿੰਘ ਅਤੇ ਮੱਗਰ ਸਿੰਘ ਦੀ ਚਾਰ ਏਕੜ ਜ਼ਮੀਨ 'ਤੇ ਖੜੀ ਫਸਲ ਸਭ ਤੋਂ ਪਹਿਲਾਂ ਅੱਗ ਦੀ ਚਪੇਟ 'ਚ ਆਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਝਟ ਵਿੱਚ ਜਗਦੀਪ ਸਿੰਘ ਅਤੇ ਬਿਕਰ ਸਿੰਘ ਦੀ ਪੰਜ ਏਕੜ, ਜਦਕਿ ਮੋਹਰ ਸਿੰਘ ਅਤੇ ਚੰਦ ਸਿੰਘ ਦੀ ਦੋ ਏਕੜ ਫਸਲ ਵੀ ਸੜ ਕੇ ਸੁਆਹ ਹੋ ਗਈ।

ਪਿੰਡ ਵਾਸੀਆਂ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਹਜੇ ਤੱਕ ਸਾਫ ਨਹੀਂ ਹੋਇਆ, ਪਰ ਇਹ ਘਟਨਾ ਰਹਸਮੀ ਹਾਲਾਤਾਂ 'ਚ ਵਾਪਰੀ ਹੈ, ਜਿਸ ਕਰ ਕੇ ਇਲਾਕੇ 'ਚ ਡਰ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਅੱਗ ਕਾਰਨ ਲੱਖਾਂ ਦੀ ਤਿਆਰ ਫਸਲ ਨਸ਼ਟ ਹੋ ਗਈ, ਜੋ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਅਤੇ ਗੁਜਾਰੇ ਦਾ ਇਕੋ-ਇੱਕ ਸਾਧਨ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚੀ, ਪਰ ਤਕਰੀਬਨ ਸਾਰੀ ਫਸਲ ਸੜ ਚੁੱਕੀ ਸੀ।

ਇਸ ਸਬੰਧੀ ਬੱਲੂਆਣਾ ਪੁਲਸ ਚੌਕੀ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਸਮਾਜ ਸੇਵੀ ਨਰੇਸ਼ ਕੁਮਾਰ ਅਤੇ ਗੁਰਦੀਪ ਸਿੰਘ ਦੀਪਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੀ ਗੁਜਾਰਾ ਕਰ ਸਕਣ ਅਤੇ ਅਗਲੀ ਫਸਲ ਦੀ ਤਿਆਰੀ ਕਰ ਸਕਣ।

ਕਿਸਾਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਰਾਹਤ ਰਕਮ ਉਪਲੱਬਧ ਕਰਵਾਏ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦਿਆਂ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਕਿਸਾਨਾਂ ਦਾ ਖੇਤੀ 'ਚੋਂ ਵਿਸ਼ਵਾਸ ਉਠ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News