ਸੇਵਾ ਮੁਕਤ ਮਹਿਲਾ ਅਧਿਆਪਕ ਨਾਲ ਵੱਜੀ 23 ਲੱਖ ਰੁਪਏ ਦੀ ਆਨਲਾਈਨ ਠੱਗੀ
Saturday, Apr 19, 2025 - 01:48 PM (IST)

ਤਰਨਤਾਰਨ(ਰਮਨ)- ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਹਰ ਕੰਮ ਲਈ ਮਸ਼ੀਨਾਂ ਅਤੇ ਇੰਟਰਨੈਟ ਦੀ ਵਰਤੋਂ ਲਾਜ਼ਮੀ ਹੁੰਦੀ ਜਾ ਰਹੀ ਹੈ, ਉਥੇ ਹੀ ਇਸ ਤਕਨੀਕੀ ਯੁਗ ਵਿੱਚ ਠੱਗਾਂ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਵੰਨ-ਸੁਵੰਨੇ ਢੰਗ ਅਪਣਾਏ ਜਾ ਰਹੇ ਹਨ। ਆਨਲਾਈਨ ਠੱਗੀ ਮਾਰਨ ਵਾਲਿਆਂ ਵੱਲੋਂ ਹੁਣ ਆਮ ਭੋਲੇ-ਭਾਲੇ ਲੋਕਾਂ ਨੂੰ ਅਦਾਲਤੀ ਸੰਮਣ, ਵਾਰੰਟ ਅਤੇ ਪਰਚਾ ਦਰਜ ਹੋਣ ਸਬੰਧੀ ਪੁਲਸ ਦੀਆਂ ਧਮਕੀ ਭਰੀਆਂ ਕਾਲਾਂ ਰਾਹੀਂ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀ ਨਿਵਾਸੀ ਇਕ ਸੇਵਾ ਮੁਕਤ ਪ੍ਰਾਈਵੇਟ ਅਧਿਆਪਕ ਨੂੰ ਠੱਗਾਂ ਵੱਲੋਂ ਫਰਜ਼ੀ ਪੁਲਸ ਕਾਲ ਰਾਹੀਂ ਦਬਾਵ ਬਣਾਉਂਦੇ ਹੋਏ 23 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ ਗਿਆ ਹੈ, ਜਿਸ ਸਬੰਧੀ ਥਾਣਾ ਸਾਈਬਰ ਸੈੱਲ ਦੀ ਪੁਲਸ ਵੱਲੋਂ 2 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਿਵੇਂ-ਜਿਵੇਂ ਦੇਸ਼ ਭਰ ਵਿਚ ਵੱਖ-ਵੱਖ ਸਰਕਾਰੀ ਅਤੇ ਵਪਾਰਕ ਅਦਾਰਿਆਂ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਆਸਾਨ ਬਣਾਉਣ ਲਈ ਕੰਪਿਊਟਰੀਕਰਨ ਅਤੇ ਇੰਟਰਨੈਟ ਵਿਚ ਕਾਫੀ ਜ਼ਿਆਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ਿਆਦਾਤਰ ਪੜ੍ਹੇ-ਲਿਖੇ ਲੋਕਾਂ ਦੀ ਜੇ ਗੱਲ ਕਰੀਏ ਤਾਂ ਉਹ ਇੰਟਰਨੈਟ ਦੀ ਵਧੇਰੇ ਜਾਣਕਾਰੀ ਰੱਖਣ ਕਰਕੇ ਆਨਲਾਈਨ ਠੱਗੀ ਅਤੇ ਫਰਜ਼ੀ ਕਾਲਾਂ ਤੋਂ ਕਾਫੀ ਜ਼ਿਆਦਾ ਸੁਚੇਤ ਰਹਿੰਦੇ ਹਨ ਪ੍ਰੰਤੂ ਜੇ ਘੱਟ ਪੜ੍ਹੇ-ਲਿਖੇ ਲੋਕਾਂ ਦੇ ਨਾਲ-ਨਾਲ ਸਾਈਬਰ ਨਾਲ ਘੱਟ ਜੁੜੇ ਹੋਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਰੋਜ਼ਾਨਾ ਵੱਖ-ਵੱਖ ਕਿਸਮ ਦੇ ਠੱਗਾਂ ਵੱਲੋਂ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੁਲਸ ਵੱਲੋਂ ਵੀ ਇਨ੍ਹਾਂ ਨੂੰ ਨੱਥ ਪਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਦੇਸ਼ ਵਿਚ ਸੈਂਕੜੇ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦਾ ਗੁਜ਼ਾਰਾ ਹੀ ਇਸ ਧੋਖਾਧੜੀ ਦੇ ਧੰਦੇ ਤੋਂ ਚੱਲਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ
ਆਮ ਹੀ ਵੇਖਣ ਨੂੰ ਮਿਲਦਾ ਸੀ ਕਿ ਆਨਲਾਈਨ ਠੱਗੀ ਕਰਨ ਵਾਲੇ ਭੋਲੇ-ਭਾਲੇ ਲੋਕਾਂ ਨੂੰ ਫੋਨ ਕਾਲ ਕਰਕੇ ਜਿੱਥੇ ਪਹਿਲਾਂ ਓ.ਟੀ.ਪੀ ਅਤੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰਦੇ ਹੋਏ ਉਨ੍ਹਾਂ ਦੇ ਪੈਸੇ ਆਪਣੇ ਖਾਤਿਆਂ ਵਿਚ ਟ੍ਰਾਂਸਫਰ ਕਰਵਾ ਲੈਂਦੇ ਸਨ ਪ੍ਰੰਤੂ ਹੁਣ ਠੱਗਾਂ ਵੱਲੋਂ ਆਪਣੇ ਆਪ ਨੂੰ ਮਾਹੌਲ ਦੇ ਹਿਸਾਬ ਨਾਲ ਅਪਗ੍ਰੇਡ ਕਰ ਲਿਆ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਹੁਣ ਪੜ੍ਹੇ-ਲਿਖੇ ਅਤੇ ਅਨਪੜ ਲੋਕਾਂ ਨੂੰ ਇਕ ਬਰਾਬਰ ਸਮਝਦੇ ਹੋਏ ਠੱਗੀ ਲਈ ਨਵੀਂ ਸਕੀਮ ਤਿਆਰ ਕਰ ਲਈ ਗਈ ਹੈ, ਜਿਸ ਦੌਰਾਨ ਉਨ੍ਹਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕਥਿਤ ਤੌਰ ਉਪਰ ਹਵਾਲਾ ਦਿੰਦੇ ਹੋਏ ਵਾਰੰਟ ਨਿਕਲਣ ਸਬੰਧੀ ਜਿੱਥੇ ਫਰਜ਼ੀ ਕਾਲਾ ਕੀਤੀਆਂ ਜਾਣੀਆਂ ਜਾਰੀ ਰੱਖੀਆਂ ਗਈਆਂ ਹਨ, ਉਥੇ ਹੀ ਪੁਲਸ ਥਾਣੇ ਵਿਚ ਕੇਸ ਦਰਜ ਹੋਣ ਸਬੰਧੀ ਡਰਾਵਾ ਦਿੰਦੇ ਹੋਏ ਆਪਣੀ ਠੱਗੀ ਦਾ ਸ਼ਿਕਾਰ ਆਸਾਨੀ ਨਾਲ ਬਣਾਇਆ ਜਾ ਰਿਹਾ ਹੈ।
ਲੋਕਾਂ ਨੂੰ ਅੱਜ ਕੱਲ ਬਹੁਤ ਜ਼ਿਆਦਾ ਫੋਨ ਕਾਲ ਆ ਰਹੀਆਂ ਹਨ, ਜਿਸ ਵਿਚ ਉਨ੍ਹਾਂ ਖਿਲਾਫ ਮਾਨਯੋਗ ਅਦਾਲਤ ਵਿਚ ਚੱਲ ਰਹੇ ਕੇਸ ਵਿਚ ਹਾਜ਼ਰ ਨਾ ਹੋਣ ਕਰਕੇ ਵਾਰੰਟ ਨਿਕਲਣ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਕਾਲਾ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇੰਨਾ ਹੀ ਨਹੀਂ ਕਈ ਲੋਕਾਂ ਨੂੰ ਪੁਲਸ ਵਰਦੀ ਵਿਚ ਮੋਬਾਈਲ ਫੋਨ ਉਪਰ ਲਗਾਈ ਡੀ.ਪੀ ਵੱਲੋਂ ਆਪਣੇ ਆਪ ਨੂੰ ਦੂਸਰੇ ਰਾਜਾਂ ਦੇ ਉੱਚ ਅਧਿਕਾਰੀ ਦੱਸਦੇ ਹੋਏ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਰੋਜ਼ਾਨਾ ਉਨ੍ਹਾਂ ਦੇ ਸ਼ਿਕੰਜੇ ਵਿਚ ਕਈ ਲੋਕ ਆਸਾਨੀ ਨਾਲ ਫਸ ਰਹੇ ਹਨ, ਜਿਨ੍ਹਾਂ ਨੂੰ ਮਜ਼ਬੂਰੀ ਵਿਚ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਫੋਨ ਕਰਨ ਵਾਲੇ ਵਿਅਕਤੀ ਵੱਲੋਂ ਕਈ ਵਾਰ ਪਰਿਵਾਰਕ ਮੈਂਬਰਾਂ ਦਾ ਵੇਰਵਾ ਫੋਟੋ ਸਮੇਤ ਭੇਜਦੇ ਹੋਏ ਵੱਖ-ਵੱਖ ਕਿਸਮਾਂ ਦੇ ਬਹਾਨੇ ਅਤੇ ਡਰਾਵਾ ਦਿੰਦੇ ਹੋਏ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਮੋਬਾਈਲ ਫੋਨ ਉਪਰ ਜ਼ਿਆਦਾਤਰ ਆਨਲਾਈਨ ਲਿੰਕ ਭੇਜਦੇ ਹੋਏ ਉਸਨੂੰ ਭਰਨ ਸਬੰਧੀ ਲਾਲਚ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਬੈਂਕ ਵਿਚ ਮੌਜੂਦ ਰਾਸ਼ੀ ਨੂੰ ਆਸਾਨੀ ਨਾਲ ਠੱਗ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲੈਂਦੇ ਹਨ।
ਇਸ ਤੋਂ ਇਲਾਵਾ ਬੈਂਕ ਏ.ਟੀ.ਐੱਮ ਕਾਰਡ ਨੂੰ ਰੀਨਿਊ ਕਰਵਾਉਣਾ, ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਵਾਉਣਾ, ਬੈਂਕ ਖਾਤੇ ਦਾ ਕੇ.ਵਾਈ.ਸੀ ਕਰਵਾਉਣਾ, ਲਕੀਰ ਕੂਪਨ ਦਾ ਡਰਾ ਨਿਕਲਣਾ, ਆਨਲਾਈਨ ਸ਼ਾਪਿੰਗ ਦੌਰਾਨ ਆਪਣਾ ਸ਼ਿਕਾਰ ਬਣਾਉਣਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਠੱਗਾਂ ਵੱਲੋਂ ਫਰੈਂਡਸ਼ਿਪ ਕਰਦੇ ਹੋਏ ਜ਼ਿਆਦਾਤਰ ਵੱਡੀ ਉਮਰ ਦੇ ਵਿਅਕਤੀਆਂ ਨੂੰ ਅਸ਼ਲੀਲ ਵੀਡੀਓ ਭੇਜਦੇ ਹੋਏ ਆਪਣੇ ਜਾਲ ਵਿਚ ਫਸਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਰਕਮ ਵਸੂਲ ਕਰਨੀ ਲਗਾਤਾਰ ਜਾਰੀ ਰੱਖੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ!
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਬਰ ਥਾਣਾ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਆਨਲਾਈਨ ਫਰਾਡ ਸਬੰਧੀ ਰੋਜ਼ਾਨਾ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਜਿਸ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਇੰਚਾਰਜ ਨਰਿੰਦਰ ਕੌਰ ਨੇ ਦੱਸਿਆ ਕਿ ਦਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਜੋ ਪ੍ਰਾਈਵੇਟ ਸੇਵਾ ਮੁਕਤ ਅਧਿਆਪਕ ਹੈ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਸ ਨੂੰ ਆਨਲਾਈਨ ਫੋਨ ਕਰਕੇ ਹਵਾਲਾ ਰਾਸ਼ੀ ਦਾ ਕੇਸ ਦਰਜ ਹੋਣ ਸਬੰਧੀ ਡਰਾਵਾ ਦੇ ਕੇ ਉਸ ਪਾਸੋਂ 23 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵੇਨਕਾਤੇਸਾਨ ਪੁੱਤਰ ਚੀਨਾਸਮੇਂ ਵਾਸੀ ਤਿਹਰੂਪਾਤਰ, ਤਾਮਿਲਨਾਡੂ ਅਤੇ ਕੁਸ਼ਵਾਹਾ ਅਨੰਤ ਪੁੱਤਰ ਅਨੰਤ ਬਾਨੀਸ ਵਾਸੀ ਮਲਗਾਹਾ ਉੱਤਰ ਪ੍ਰਦੇਸ਼ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਨਰਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਜਿਸ ਨੂੰ ਫਰਜ਼ੀ ਪੁਲਸ ਦੇ ਪਰਚੇ ਸਬੰਧੀ ਜਾਂ ਫਿਰ ਮਾਨਯੋਗ ਅਦਾਲਤ ਦੇ ਸੰਮਣ ਭੇਜਣ ਸਬੰਧੀ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਸਾਈਬਰ ਥਾਣੇ ’ਚ ਸੰਪਰਕ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8