2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਐੱਚ-1ਬੀ ਵੀਜ਼ਾ ਦੀ ਅਰਜ਼ੀ ਪ੍ਰਕਿਰਿਆ

Wednesday, Mar 21, 2018 - 09:27 PM (IST)

ਵਾਸ਼ਿੰਗਟਨ— ਅਮਰੀਕਾ 2 ਅਪ੍ਰੈਲ ਤੋਂ ਐੱਚ-1ਬੀ ਵੀਜ਼ਾ ਦੀ ਅਰਜ਼ੀ ਨੂੰ ਸਵੀਕਾਰ ਕਰਨਾ ਸ਼ੁਰੂ ਕਰੇਗਾ। ਉਸ ਨੇ ਸਲਾਨਾ ਤੈਅ ਸੀਮਾ ਵਾਲੇ ਇਸ ਤਰ੍ਹਾਂ ਦੇ ਵਰਕ ਵੀਜ਼ਾ ਲਈ ਪ੍ਰੀਮਿਅਮ ਪ੍ਰੋਸੈਸਿੰਗ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਐਲਾਨ ਕੀਤਾ। ਭਾਰਤੀ ਆਈ.ਟੀ. ਪੇਸ਼ੇਵਰਾਂ 'ਚ ਅਜਿਹੇ ਵੀਜ਼ਾ ਦੀ ਭਾਰੀ ਮੰਗ ਹੈ। ਐੱਚ-1ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਮਾਹਿਰ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ 'ਚ ਨਿਯੁਕਤ ਕਰਨ ਦੀ ਮਨਜ਼ੂਰੀ ਦਿੰਦਾ ਹੈ।
ਇਸ ਵੀਜ਼ਾ ਦੇ ਜ਼ਰੀਏ ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰੇਕ ਸਾਲ ਲੱਖਾਂ ਕਰਮਚਾਰੀਆਂ ਦੀ ਭਰਤੀ ਕਰਦੀ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਸ ਵਿਭਾਗ ਨੇ ਕਿਹਾ ਕਿ ਵਿੱਤ ਸਾਲ 2019 ਲਈ ਐੱਚ-1ਬੀ ਵੀਜ਼ਾ ਅਰਜ਼ੀ ਦਾਖਲ ਕਰਨਾ 1 ਅਕਤੂਬਰ 2018 ਤੋਂ ਸ਼ੁਰੂ ਹੋਵੇਗਾ। ਸਾਰੇ ਐੱਚ-1ਬੀ ਵੀਜ਼ਾ ਦਾ ਪ੍ਰੀਮਿਅਰ ਪ੍ਰੋਸੈਸਿੰਗ 10 ਸਤੰਬਰ 2018 ਤਕ ਮੁਅੱਤਲ ਰਹੇਗਾ, ਜਿਸ ਦੇ ਲਈ ਸਲਾਨਾ ਵਧ ਸੀਮਾ ਤੈਅ ਹੈ।
ਹਾਲਾਂਕਿ ਇਸ ਦੌਰਾਨ ਇਸ ਵੀਜ਼ਾ ਲਈ ਪ੍ਰੀਮਿਅਮ ਪ੍ਰੋਸੈਸਿੰਗ ਦੀ ਅਪੀਲ ਸਵੀਕਾਰ ਕੀਤੀ ਜਾਵੇਗੀ ਜੋ ਵਿੱਤ ਸਾਲ 2019 ਦੀ ਤੈਅ ਸੀਮਾ 'ਚ ਨਹੀਂ ਆਉਂਦੇ। ਪ੍ਰੀਮਿਅਮ ਪ੍ਰੋਸੈਸਿੰਗ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਨਾ ਦਿੱਤੀ ਜਾਵੇਗੀ। ਵਿਭਾਗ ਨੇ ਕਿਹਾ ਕਿ ਮੁਅੱਤਲੀ ਦੀ ਮਿਆਦ ਦੌਰਾਨ ਬਿਨੈਕਾਰ ਜੇਕਰ ਯੋਗਤਾ ਰੱਖਦਾ ਹੈ ਤਾਂ ਉਹ ਵਿੱਤ ਸਾਲ 2019 ਦੀ ਤੈਅ ਸੀਮਾ ਵਾਲੇ ਐੱਚ-1ਬੀ ਵੀਜ਼ਾ ਜਲਦ ਦੇਣ ਦੀ ਮੰਗ ਕਰ ਸਕਦਾ ਹੈ। ਵਿਭਾਗ ਨੇ ਕਿਹਾ ਕਿ ਪ੍ਰੀਮਿਅਮ ਪ੍ਰੋਸੈਸਿੰਗ ਦਾ ਅਸਥਾਈ ਮੁਅੱਤਲ ਐੱਚ-1ਬੀ ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਸਮੇਂ 'ਚ ਕਮੀ ਲਿਆਉਣ ਲਈ ਕੀਤਾ ਗਿਆ ਹੈ, ਤਾਂ ਜੋ ਬਾਕੀ ਅਰਜ਼ੀਆਂ ਦੀ ਨਿਪਟਾਰਾ ਕੀਤਾ ਜਾ ਸਕੇ।
ਪ੍ਰੀਮਿਅਮ ਪ੍ਰੋਸੈਸਿੰਗ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਐੱਚ-1ਬੀ ਵੀਜ਼ਾ ਅਰਜ਼ੀ ਨੂੰ ਜਲਦ ਨਿਪਟਾਉਣ ਦੀ ਸੁਵਿਧਾ ਦਿੰਦਾ ਹੈ। ਇਸ ਦੇ ਲਈ ਵਾਧੂ ਫੀਸ ਦੇਣੀ ਹੁੰਦੀ ਹੈ। ਅਮਰੀਕੀ ਸੰਸਦ ਨੇ ਹਰ ਵਿੱਤ ਸਾਲ 'ਚ ਵਧ ਤੋਂ ਵਧ 65,000 ਐੱਚ-1ਬੀ ਵੀਜ਼ਾ ਦੇਣ ਦੀ ਸੀਮਾ ਤੈਅ ਕੀਤੀ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਇਸ 'ਚ ਛੋਟ ਮਿਲਦੀ ਹੈ। ਯੂ.ਐੱਸ.ਸੀ.ਆਈ.ਐੱਸ. ਮੁਤਾਬਕ 2007 ਤੋਂ 2017 ਵਿਚਾਲੇ ਉਸ ਨੂੰ ਐੱਚ-1ਬੀ ਵੀਜ਼ਾ ਲਈ ਜ਼ਿਆਦਾ ਹੁਨਰ ਵਾਲੇ 22 ਲੱਖ ਭਾਰਤੀਆਂ ਦੀਆਂ ਅਰਜ਼ੀਆਂ ਮਿਲੀਆਂ। ਜਦਕਿ ਕਰੀਬ 3 ਲੱਖ ਅਰਜ਼ੀਆਂ ਨਾਲ ਚੀਨ ਦੂਜੇ ਸਥਾਨ 'ਤੇ ਹੈ।


Related News