ਪੇਸ਼ਾਵਰ ''ਚ ਸਿੱਖਾਂ ''ਤੇ ਵੱਧੇ ਅੱਤਵਾਦੀ ਹਮਲੇ, 60 ਫੀਸਦੀ ਸਿੱਖਾਂ ਨੇ ਕੀਤਾ ਪਲਾਇਨ

Wednesday, Jun 13, 2018 - 11:52 AM (IST)

ਪੇਸ਼ਾਵਰ (ਬਿਊਰੋ)— ਪਾਕਿਸਤਾਨ ਦੇ ਪੇਸ਼ਾਵਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ 'ਤੇ ਦਿਨ-ਬ-ਦਿਨ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਵੱਧਦੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਡਰ ਨਾਲ ਸਿੱਖ ਦੇਸ਼ ਦੇ ਦੂਜੇ ਹਿੱਸਿਆਂ ਵਿਚ ਪਲਾਇਨ ਕਰਨ ਲਈ ਮਜ਼ਬੂਰ ਹੋ ਗਏ ਹਨ। ਪੇਸ਼ਾਵਰ ਦੇ ਲੱਗਭਗ 30 ਹਜ਼ਾਰ ਸਿੱਖਾਂ ਵਿਚੋਂ 60 ਫੀਸਦੀ ਤੋਂ ਜ਼ਿਆਦਾ ਹੁਣ ਪਲਾਇਨ ਕਰ ਕੇ ਜਾਂ ਤਾਂ ਦੇਸ਼ ਦੇ ਦੂਜੇ ਹਿੱਸਿਆਂ ਵਿਚ ਚਲੇ ਗਏ ਹਨ ਜਾਂ ਫਿਰ ਭਾਰਤ ਆਕੇ ਵੱਸ ਗਏ ਹਨ। 
ਹਾਲ ਹੀ ਵਿਚ ਪੇਸ਼ਾਵਰ ਵਿਚ ਕਿਰਾਨੇ ਦੀ ਦੁਕਾਨ ਚਲਾਉਣ ਵਾਲੇ ਸਿੱਖ ਧਾਰਮਿਕ ਆਗੂ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਚਰਣਜੀਤ ਸਿੰਘ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਸੀ। ਸਿੱਖ ਭਾਈਚਾਰੇ ਦੇ ਬਾਬਾ ਗੁਰਪਾਲ ਸਿੰਘ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਇੱਥੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ।'' ਪਾਕਿਸਤਾਨ ਸਿੱਖ ਕੌਂਸਲ (ਪੀ. ਸੀ. ਐੱਸ.) ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦਾ ਸਫਾਇਆ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਵੱਖਰੀ ਪਛਾਣ ਹੈ। ਪੀ. ਸੀ. ਐੱਸ. ਮੈਂਬਰ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀ ਪੱਗ ਵੱਲ ਇਸ਼ਾਰਾ ਕਰਦਿਆਂ ਕਿਹਾ,''ਇਹ ਸਾਨੂੰ ਆਸਾਨੀ ਨਾਲ ਸ਼ਿਕਾਰ ਬਣਾਉਂਦੀ ਹੈ।'' ਕੁਝ ਸਿੱਖਾਂ ਦਾ ਦੋਸ਼ ਹੈ ਕਿ ਅੱਤਵਾਦੀ ਸਮੂਹ ਤਾਲਿਬਾਨ ਇਨ੍ਹਾਂ ਹੱਤਿਆਵਾਂ ਨੂੰ ਅੰਜ਼ਾਮ ਦੇ ਰਿਹਾ ਹੈ। ਸਾਲ 2016 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਦ ਮੈਂਬਰ ਸਿੱਖ ਭਾਈਚਾਰੇ ਦੇ ਸੋਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਤਾਲਿਬਾਨ ਵੱਲੋਂ ਇਸ ਹੱਤਿਆ ਦੀ ਜ਼ਿੰਮੇਵਾਰੀ ਲਏ ਜਾਣ ਦੇ ਬਾਵਜੂਦ ਸਥਾਨਕ ਪੁਲਸ ਨੇ ਇਸ ਹੱਤਿਆ ਦੇ ਦੋਸ਼ ਵਿਚ ਉਨ੍ਹਾਂ ਦੇ ਸਿਆਸੀ ਵਿਰੋਧੀ ਅਤੇ ਘੱਟ ਗਿਣਤੀ ਹਿੰਦੂ ਨੇਤਾ ਬਲਦੇਵ ਕੁਮਾਰ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਦੋ ਸਾਲ ਤੱਕ ਸੁਣਵਾਈ ਚੱਲਣ ਮਗਰੋਂ ਸਬੂਤਾਂ ਦੀ ਕਮੀ ਕਾਰਨ ਬਲਦੇਵ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ। 
ਹਾਲਾਤ ਇੰਨੇ ਵਿਗੜ ਗਏ ਹਨ ਕਿ ਹੁਣ ਸਿੱਖਾਂ ਨੂੰ ਆਪਣੀ ਪਛਾਣ ਲੁਕਾਉਣ ਲਈ ਵਾਲ ਕਟਵਾਉਣੇ ਪੈ ਰਹੇ ਹਨ ਅਤੇ ਪੱਗ ਹਟਾਉਣੀ ਪੈ ਰਹੀ ਹੈ। ਸਿੱਖ ਭਾਈਚਾਰੇ ਲਈ ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਪੇਸ਼ਾਵਰ ਵਿਚ ਉਨ੍ਹਾਂ ਈ ਸ਼ਮਸ਼ਾਨ ਘਾਟ ਦੀ ਕਮੀ ਹੈ। ਖੈਬਰ ਪਖਤੂਨਖਵਾ ਸਰਕਾਰ ਨੇ ਸ਼ਮਸ਼ਾਨ ਲਈ ਬੀਤੇ ਸਾਲ ਫੰਡ ਦਿੱਤਾ ਸੀ ਪਰ ਹਾਲੇ ਤੱਕ ਇਸ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਇੰਨਾ ਹੀ ਨਹੀਂ ਸ਼ਮਸ਼ਾਨ ਘਾਟ ਲਈ ਅਲਾਟ ਜ਼ਮੀਨ ਨੂੰ ਹੁਣ ਪ੍ਰਾਈਵੇਟ ਬੈਂਕ, ਵੈਡਿੰਗ ਹਾਲ ਅਤੇ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨ ਸਰਕਾਰ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਕਿ ਸਿੱਖ ਭਾਈਚਾਰੇ ਨੂੰ ਉਸ ਦੇ ਸਮਰਥਨ ਅਤੇ ਸੁਰੱਖਿਆ ਦੀ ਲੋੜ ਹੈ।


Related News