ਸਿੰਗਾਪੁਰ : ਸਕੂਲਾਂ 'ਚ ਵਾਹਨ ਪਾਰਕਿੰਗ ਕਰਨ ਵਾਲੇ ਅਧਿਆਪਕਾਂ ਨੂੰ ਭਰਨੀ ਪਵੇਗੀ ਫੀਸ

Monday, Mar 26, 2018 - 03:38 PM (IST)

ਸਿੰਗਾਪੁਰ, (ਏਜੰਸੀ)— ਸਿੰਗਾਪੁਰ ਦੇ ਸਕੂਲਾਂ 'ਚ ਪਾਰਕਿੰਗ ਸੰਬੰਧੀ ਕੁੱਝ ਨਿਯਮ ਬਦਲਣ ਜਾ ਰਹੇ ਹਨ। ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਸਕੂਲ ਪਾਰਕਿੰਗ 'ਚ ਵਾਹਨ ਖੜ੍ਹੇ ਕਰਨ ਵਾਲੇ ਅਧਿਆਪਕਾਂ ਨੂੰ ਪਾਰਕਿੰਗ ਫੀਸ ਦੇਣੀ ਪਵੇਗੀ। ਪਹਿਲੀ ਅਗਸਤ 2018 ਤੋਂ ਇਹ ਨਿਯਮ ਲਾਗੂ ਹੋਣ ਜਾ ਰਿਹਾ ਹੈ। ਸਕੂਲ ਲੱਗਣ ਵਾਲੇ ਦਿਨਾਂ 'ਚ ਅਧਿਆਪਕਾਂ ਨੂੰ ਕਾਰਾਂ ਦੀ ਪਾਰਕਿੰਗ ਲਈ ਪ੍ਰਤੀ ਮਹੀਨੇ ਸਿੰਗਾਪੁਰ ਦੀ ਕਰੰਸੀ 75 ਡਾਲਰ ਅਦਾ ਕਰਨੇ ਪੈਣਗੇ ਅਤੇ ਜੇਕਰ ਉਹ ਕਿਸੇ ਸ਼ੈੱਡ ਜਾਂ ਛੱਤ ਹੇਠ ਬਣੀ ਪਾਰਕਿੰਗ 'ਚ ਵਾਹਨ ਖੜ੍ਹੇ ਕਰਨਗੇ ਤਾਂ ਇਸ ਲਈ ਉਨ੍ਹਾਂ ਨੂੰ ਸਿੰਗਾਪੁਰੀ 100 ਡਾਲਰ ਦੀ ਫੀਸ ਭਰਨੀ ਪਵੇਗੀ। ਜਦ ਸਕੂਲਾਂ 'ਚ ਛੁੱਟੀਆਂ ਹੋਣਗੀਆਂ ਤਾਂ ਇਸ ਸਮੇਂ ਉਨ੍ਹਾਂ ਨੂੰ (ਸਿੰਗਾਪੁਰੀ ਕਰੰਸੀ) 15 ਡਾਲਰ ਅਤੇ 20 ਡਾਲਰ ਅਦਾ ਕਰਨੇ ਪੈਣਗੇ। ਬਿਨਾਂ ਛੱਤ ਵਾਲੀ ਥਾਂ 'ਤੇ ਵਾਹਨ ਖੜ੍ਹੇ ਕਰਨ ਲਈ ਸਲਾਨਾ ਫੀਸ 720 ਡਾਲਰ ਅਤੇ ਛੱਤ ਵਾਲੀ ਪਾਰਕਿੰਗ ਦੇ 960 ਡਾਲਰ ਲੱਗਣਗੇ। 
ਮੋਟਰ ਸਾਈਕਲਾਂ ਦੀ ਪਾਰਕਿੰਗ ਲਈ ਫੀਸ ਵੱਖਰੀ ਹੈ। ਇਸ ਲਈ ਪ੍ਰਤੀ ਮਹੀਨਾ ਫੀਸ 13 ਡਾਲਰ ਅਤੇ ਛੱਤ ਵਾਲੀ ਥਾਂ ਲਈ 14 ਡਾਲਰ ਰੱਖੀ ਗਈ ਹੈ। ਛੁੱਟੀਆਂ 'ਚ ਇਹ ਫੀਸ 2 ਅਤੇ 3 ਡਾਲਰ ਹੋਵੇਗੀ। ਮੋਟਰਸਾਈਕਲਾਂ ਨੂੰ ਪਾਰਕ ਕਰਨ ਲਈ ਸਲਾਨਾ ਫੀਸ 123 ਅਤੇ 135 ਡਾਲਰ ਰੱਖੀ ਗਈ ਹੈ। 
ਸਿੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਛੁੱਟੀਆਂ ਅਤੇ ਸਕੂਲ ਲੱਗਣ ਦੇ ਸਮੇਂ ਦੌਰਾਨ ਦੀ ਫੀਸ ਵੱਖਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਦਾ ਸਾਕਰਾਤਮਕ ਜਵਾਬ ਆਵੇਗਾ।


Related News