ਕਾਬੁਲ ''ਚ ਗੁਰਦੁਆਰੇ ''ਤੇ ਹਮਲਾ ਕਰਨ ਵਾਲਿਆਂ ਨੂੰ ਤਾਲਿਬਾਨ ਨੇ ਕੀਤਾ ਗ੍ਰਿਫ਼ਤਾਰ, ਕਿਹਾ- ਦੇਵਾਂਗੇ ਸਜ਼ਾ
Sunday, Oct 10, 2021 - 10:57 AM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਕਾਰਤੇ ਪਰਵਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਤਾਲਿਬਾਨ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਕਤੂਬਰ ਦੇ ਪਹਿਲੇ ਹਫ਼ਤੇ ਵਿਚ ਹੀ ਕਾਬੁਲ ਦੇ ਇਸ ਗੁਰਦੁਆਰੇ ਵਿਚ ਕੁਝ ਹਥਿਆਰਬੰਦ ਲੜਾਕੇ ਜ਼ਬਰਦਸਤੀ ਦਾਖਲ ਹੋ ਗਏ ਸਨ। ਉਹਨਾਂ ਨੇ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ।
ਤਾਲਿਬਾਨੀ ਬੁਲਾਰੇ ਨੇ ਕੀਤੀ ਪੁਸ਼ਟੀ
ਹੁਣ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਬੁਲਾਰੇ ਅਤੇ ਮੰਤਰੀ ਜ਼ਬੀਹੁੱਲਾ ਮੁਜਾਹਿਦ ਨੇ ਟਵੀਟ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਕਾਬੁਲ ਵਿਚ ਹਿੰਦੂ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਬੁਲ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਤੇ ਉਹਨਾਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਵੱਲੋਂ ਜ਼ਬਤ ਕੀਤੇ ਗਏ ਅਮਰੀਕੀ ਹਥਿਆਰ ਵੇਚ ਰਹੇ ਹਨ ਅਫਗਾਨ ਬੰਦੂਕ ਡੀਲਰ
ਸੁਰੱਖਿਆ ਗਾਰਡਾਂ ਨੂੰ ਬਣਾਇਆ ਗਿਆ ਬੰਧਕ
ਰਿਪੋਰਟਾਂ ਮੁਤਾਬਕ 15-16 ਹਥਿਆਰਬੰਦ ਅਣਪਛਾਤੇ ਲੋਕ ਗੁਰਦੁਆਰੇ ਦੇ ਅੰਦਰ ਦੁਪਹਿਰ ਦੇ ਸਮੇਂ ਪਹੁੰਚ ਗਏ। ਇਹਨਾਂ ਲੋਕਾਂ ਨੇ ਤਿੰਨ ਗਾਰਡਾਂ ਦੇ ਹੱਥ-ਪੈਰ ਬੰਨ੍ਹ ਦਿੱਤੇ। ਉਹਨਾਂ ਨੇ ਬਾਹਰ ਜਾਂਦੇ ਹੋਏ ਸੀ.ਸੀ.ਟੀ.ਵੀ. ਵੀ ਤੋੜ ਦਿੱਤੇ। ਘਟਨਾ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਘਟਨਾ ਵਿਚ ਹੋਏ ਨੁਕਸਾਨ ਦਾ ਮੁਲਾਂਕਣ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਇੰਡੀਆ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਚੰਡੋਕ ਨੇ ਦੱਸਿਆ ਸੀ ਕਿ ਹਥਿਆਰਬੰਦ ਤਾਲਿਬਾਨੀ ਅਧਿਕਾਰੀ ਗੁਰਦੁਆਰੇ ਵਿਚ ਦਾਖਲ ਹੋਏ ਸਨ। ਗੁਰਦੁਆਰੇ 'ਤੇ ਹਮਲੇ ਨਾਲ ਚਿੰਤਤ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੇ ਭਾਰਤ ਸਰਕਾਰ ਤੋਂ ਉਹਨਾਂ ਦੀ ਤੁਰੰਤ ਨਿਕਾਸੀ ਦੀ ਅਪੀਲੀ ਕੀਤੀ ਸੀ।
ਨੋਟ- ਕੀ ਤਾਲਿਬਾਨ ਅਸਲ ਵਿਚ ਗੁਰਦੁਆਰੇ 'ਤੇ ਹਮਲਾ ਕਰਨ ਵਾਲਿਆਂ ਨੂੰ ਦੇਵੇਗਾ ਸਜ਼ਾ, ਕੁਮੈਂਟ ਕਰ ਦਿਓ ਰਾਏ।