ਨਵੇਂ ਸਾਲ ਦੇ ਭਾਸ਼ਣ ''ਚ ਤਾਈਵਾਨ ਦੀ ਰਾਸ਼ਟਰਪਤੀ ਨੇ ਕਿਹਾ- ''ਚੀਨ ਤੋਂ ਵੱਧ ਰਿਹੈ ਫ਼ੌਜੀ ਖ਼ਤਰਾ''

01/02/2021 3:48:19 PM

ਤਾਇਪੇ- ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ ਦੇ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਦੇ ਫ਼ੌਜੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਦੱਸ ਦੇਈਏ ਕਿ ਚੀਨ ਇਸ ਟਾਪੂ ਖੇਤਰ ਨੂੰ ਆਪਣਾ ਮੰਨਦਾ ਹੈ ਅਤੇ ਜ਼ਬਰਦਸਤੀ ਇਸ ਖੇਤਰ ‘ਤੇ ਕਬਜ਼ਾ ਕਰਨ ਦੀ ਧਮਕੀ ਵੀ ਦੇ ਚੁੱਕਾ ਹੈ। ਸਾਈ ਨੇ ਆਪਣੇ ਸੰਦੇਸ਼ ਵਿਚ ਚੀਨ ਤੋਂ ਵੱਧ ਰਹੇ ਖ਼ਤਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤਾਈਵਾਨ ਸਟ੍ਰੇਟ ਵਿਚ ਲੜਾਕੂ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਦੀਆਂ ਗਤੀਵਿਧੀਆਂ ਵਧੀਆਂ ਹਨ। ਖੇਤਰੀ ਸਥਿਰਤਾ ਨੂੰ ਇਸ ਨਾਲ ਪੈਦਾ ਹੋਇਆ ਖ਼ਤਰਾ ਨਾ ਸਿਰਫ ਇਸ ਖੁਦਮੁਖਤਿਆਰੀ ਖੇਤਰ ਲਈ, ਬਲਕਿ ਸਾਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ।

ਰਾਸ਼ਟਰਪਤੀ ਸਾਈ ਨੇ ਆਪਣੇ ਨਵੇਂ ਸਾਲ ਦੇ ਸੰਦੇਸ਼ ਵਿਚ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਾਈਵਾਨ ਨੇ ਤਾਲਾਬੰਦੀ ਲਾਏ ਬਿਨਾਂ ਵਾਇਰਸ ਨੂੰ ਰੋਕਣ ਵਿਚ ਜਿੱਤ ਹਾਸਲ ਕੀਤੀ ਹੈ। ਚੀਨ ਦੇ ਨੇੜੇ ਹੋਣ ਦੇ ਬਾਵਜੂਦ ਇਸ ਟਾਪੂ ਖੇਤਰ ਵਿਚ ਕੋਰੋਨਾ ਦੇ ਸਿਰਫ 800 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 7 ਪੀੜਤਾਂ ਦੀ ਮੌਤ ਹੋਈ ਹੈ।

ਨਵੇਂ ਸਾਲ ਮੌਕੇ ਆਪਣੇ ਸਾਲਾਨਾ ਸੰਬੋਧਨ ਵਿਚ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਤਾਈਵਾਨ ਕਾਰੋਬਾਰ ਅਤੇ ਸਿੱਖਿਆ ਨੂੰ ਬੰਦ ਕੀਤੇ ਬਿਨਾਂ ਕੋਰੋਨਾ 'ਤੇ ਜਿੱਤ ਪਾਉਣ ਵਿਚ ਸਫਲ ਰਿਹਾ ਹੈ। ਰਾਸ਼ਟਰਪਤੀ ਨੇ ਤਾਈਵਾਨ ਵਿਚ ਕੋਰੋਨਾ ਦੇ ਸੰਬੰਧ ਵਿਚ ਉਨ੍ਹਾਂ ਦੇ ਤੇਜ਼ ਅਤੇ ਨਿਰੰਤਰ ਯਤਨਾਂ ਲਈ ਪ੍ਰਸ਼ੰਸਾ ਕੀਤੀ । 

ਇਸ ਤੋਂ ਪਹਿਲਾਂ ਤਾਈਵਾਨ ਨੇ ਸਾਰੇ ਏਸ਼ੀਆਈ ਦੇਸ਼ਾਂ ਨੂੰ ਚੀਨ ਤੋਂ ਵੱਧ ਰਹੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਸੀ। ਸੀ. ਐੱਨ. ਐੱਨ. ਮੁਤਾਬਕ ਤਾਈਵਾਨ ਦੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਜੇ ਚੀਨ ਨੂੰ ਨਾ ਰੋਕਿਆ ਗਿਆ ਤਾਂ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਾਈ ਦਾ ਬਿਆਨ ਇਸ ਤੱਥ ਕਾਰਨ ਵੀ ਬਹੁਤ ਖ਼ਾਸ ਹੈ ਕਿ ਜਨਵਰੀ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਜੇ ਤਾਈਵਾਨ ਗੱਲਬਾਤ ਦੁਆਰਾ ਸਵਿਕਾਰ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਫ਼ੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ।
 


Lalita Mam

Content Editor

Related News