ਬਾਂਝਪਨ ਦਾ ਕਾਰਨ ਬਣ ਰਿਹੈ ਸਿਗਰਟ ਦਾ ਧੂੰਆਂ

Sunday, Jun 02, 2019 - 09:36 PM (IST)

ਬਾਂਝਪਨ ਦਾ ਕਾਰਨ ਬਣ ਰਿਹੈ ਸਿਗਰਟ ਦਾ ਧੂੰਆਂ

ਨਵੀਂ ਦਿੱਲੀ (ਅਨਸ)-ਸਿਗਰਟਨੋਸ਼ੀ ਨਾ ਸਿਰਫ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਦਿਲ, ਗੁਰਦੇ ਅਤੇ ਇੱਥੋਂ ਤੱਕ ਕਿ ਸ਼ੁਕਰਾਣੂਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਹ ਪੁਰਸ਼ਾਂ ਅਤੇ ਔਰਤਾਂ ’ਚ ਬਾਂਝਪਨ ਦਾ ਕਾਰਨ ਬਣ ਸਕਦੀ ਹੈ। ਦਿੱਲੀ ਸਥਿਤ ਇੰਦਰਾ ਆਈ. ਵੀ. ਐੱਫ. ਹਸਪਤਾਲ ਦੀ ਔਰਤ ਰੋਗਾਂ ਦੀ ਮਾਹਿਰ ਅਤੇ ਆਈ. ਵੀ. ਐੱਫ. ਸਪੈਸ਼ਲਿਸਟ ਡਾ. ਸਾਗਰਿਕਾ ਅਗਰਵਾਲ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਔਰਤਾਂ ’ਚ ਬਾਂਝਪਨ ਦੀ ਸੰਭਾਵਨਾ ਨੂੰ 60 ਫ਼ੀਸਦੀ ਤੱਕ ਵਧਾ ਸਕਦੀ ਹੈ। ਸਿਗਰਟਨੋਸ਼ੀ ਦਾ ਐਕਟੋਪਿਕ ਗਰਭ ਅਵਸਥਾ ਨਾਲ ਸਬੰਧ ਹੋ ਸਕਦਾ ਹੈ ਅਤੇ ਇਸ ਦੇ ਕਾਰਨ ਫੈਲੋਪੀਅਨ ਟਿਊਬਾਂ ’ਚ ਸਮੱਸਿਆ ਆ ਸਕਦੀ ਹੈ। ਐਕਟੋਪਿਕ ਗਰਭ ਅਵਸਥਾ ’ਚ ਅੰਡੇ ਬੱਚੇਦਾਨੀ ਤੱਕ ਨਹੀਂ ਪੁੱਜਦੇ ਹਨ ਅਤੇ ਇਸ ਦੀ ਬਜਾਏ ਫੈਲੋਪੀਅਨ ਟਿਊਬ ਦੇ ਅੰਦਰ ਖਤਮ ਹੋ ਜਾਂਦੇ ਹਨ।

ਇਸ ਦੇ ਕਾਰਨ ਬੱਚੇਦਾਨੀ ’ਚ ਤਬਦੀਲੀ ਆ ਸਕਦੀ ਹੈ ਜਿਸ ਕਾਰਨ ਬੱਚੇਦਾਨੀ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਸਿਗਰਟ ’ਚ ਮੌਜੂਦ ਰਸਾਇਣ ਅੰਡੇਦਾਨੀ ਦੇ ਅੰਦਰ ਐਂਟੀ-ਆਕਸੀਡੈਂਟ ਪੱਧਰ ’ਚ ਅਸੰਤੁਲਨ ਪੈਦਾ ਕਰ ਸਕਦੇ ਹਨ। ਇਹ ਅਸੰਤੁਲਨ ਨਿਸ਼ੇਚਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਪੱਸ਼ਟ ਹੈ ਕਿ ਇਸ ਤੋਂ ਬਾਅਦ ਇੰਪਲਾਂਟੇਸ਼ਨ ’ਚ ਕਮੀ ਆ ਜਾਵੇਗੀ। ਗਰਭ ਅਵਸਥਾ ਦੌਰਾਨ ਸਿਗਰਟਨੋਸ਼ੀ ਕਰਨ ਨਾਲ ਗਰਭ ’ਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇੱਥੋਂ ਤੱਕ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ’ਚ ਸਮੇਂ ਤੋਂ ਪਹਿਲਾਂ ਜਣੇਪਾ ਪੀਡ਼ਾਂ ਹੋ ਸਕਦੀਆਂ ਹਨ ਅਤੇ ਸਿਹਤ ਸਮੱਸਿਆਵਾਂ ਤੋਂ ਪੀਡ਼ਤ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਸਿਗਰਟਨੋਸ਼ੀ ਕਰਨ ਵਾਲੀ ਆਈ. ਵੀ. ਐੱਫ. ਰੋਗੀਆਂ ’ਚ ਸਿਗਰਟਨੋਸ਼ੀ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਗਰਭ ਅਵਸਥਾ ਦਰ 30 ਫ਼ੀਸਦੀ ਘੱਟ ਹੁੰਦੀ ਹੈ।

ਡਾ. ਸਾਗਰਿਕਾ ਅਗਰਵਾਲ ਦਾ ਕਹਿਣਾ ਹੈ ਕਿ ਇਕ ਦਿਨ ’ਚ 5 ਤੋਂ ਜ਼ਿਆਦਾ ਸਿਗਰਟ ਪੀਣ ਨਾਲ ਗਰਭ ਧਾਰਨ ਦੀ ਸਮਰੱਥਾ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ। ਤੰਬਾਕੂ ਦਾ ਅਸਰ ਪੁਰਸ਼ ਪ੍ਰਜਨਨ ਸਮਰੱਥਾ ’ਤੇ ਵੀ ਭਾਰੀ ਦੁਸ਼ਪ੍ਰਭਾਵ ਪਾਉਂਦਾ ਹੈ। ਇਹ ਖੂਨ ਵਾਲੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਕੁੱਝ ਅਧਿਐਨਾਂ ’ਚ ਸਿਗਰਟਨੋਸ਼ੀ ਦੇ ਪ੍ਰਭਾਵ ਦਾ ਇਰੈਕਟਾਇਲ ਡਿਸਫੰਕਸ਼ਨ ਅਤੇ ਸੈਕਸੁਅਲ ਪ੍ਰਫਾਰਮੈਂਸ ’ਚ ਕਮੀ ਨਾਲ ਵੀ ਸਬੰਧ ਪਾਇਆ ਗਿਆ ਹੈ। ਤੰਬਾਕੂ ਕਾਰਨ ਕਰੋਮੋਸੋਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਸ਼ੁਕਰਾਣੂ ’ਚ ਡੀ. ਐੱਨ. ਏ. ਫਰੈਗਮੈਂਟੇਸ਼ਨ ਹੋ ਸਕਦਾ ਹੈ। ਸਿਗਰਟਨੋਸ਼ੀ ਸ਼ੁਕਰਾਣੂਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਨ ਨਿਸ਼ੇਚਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।


author

Sunny Mehra

Content Editor

Related News