ਜ਼ੋਨ-ਡੀ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ’ਤੇ ਨਵੇਂ ਏ. ਟੀ. ਪੀ. ਦੀ ਕਾਰਵਾਈ ਜਾਰੀ, 6 ਜਗ੍ਹਾ ਹੋਈ ਸੀਲਿੰਗ
Wednesday, Dec 03, 2025 - 07:36 AM (IST)
ਲੁਧਿਆਣਾ (ਹਿਤੇਸ਼) : ਜ਼ੋਨ-ਡੀ ਏਰੀਆ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ’ਤੇ ਨਵੇਂ ਏ. ਟੀ. ਪੀ. ਹਰਵਿੰਦਰ ਹਨੀ ਦੀ ਕਾਰਵਾਈ ਜਾਰੀ ਹੈ, ਜਿਸ ਤਹਿਤ ਸੋਮਵਾਰ ਨੂੰ 6 ਥਾਵਾਂ ’ਤੇ ਸੀਲਿੰਗ ਕੀਤੀ ਗਈ। ਇਨ੍ਹਾਂ ਵਿਚ ਮਲਹਾਰ ਰੋਡ, ਦੁੱਗਰੀ ਰੋਡ, ਬੀ. ਆਰ. ਐੱਸ. ਨਗਰ ਅਤੇ ਫਿਰੋਜ਼ਪੁਰ ਰੋਡ ਦੀਆਂ ਬਿਲਡਿੰਗਾਂ ਸ਼ਾਮਲ ਹਨ। ਨਗਰ ਨਿਗਮ ਅਫਸਰਾਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਕਈ ਬਿਲਡਿੰਗਾਂ ਦੀ ਉਸਾਰੀ ਨਕਸ਼ਾ ਪਾਸ ਕਰਵਾਏ ਬਿਨਾਂ ਕੀਤੀ ਜਾ ਰਹੀ ਸੀ। ਇਨ੍ਹਾਂ ਵਿਚ ਕੁਝ ਬਿਲਡਿੰਗਾਂ ਰਿਹਾਇਸ਼ੀ ਇਲਾਕਿਆਂ ਵਿਚ ਸਥਿਤ ਹੋਣ ਦੀ ਵਜ੍ਹਾ ਨਾਲ ਨਾਨ-ਕੰਪਾਊਂਡੇਬਲ ਕੈਟਾਗਰੀ ’ਚ ਆਉਂਦੀਆਂ ਹਨ ਅਤੇ ਕਈ ਬਿਲਡਿੰਗਾਂ ਦੇ ਮਾਲਕ ਰੈਗੂਲਰ ਕਰਨ ਦਾ ਜੁਰਮਾਨਾ ਜਮ੍ਹਾ ਕਰਵਾਉਣ ਨੂੰ ਤਿਆਰ ਨਹੀਂ ਸਨ।
ਬਕਾਇਆ ਰੈਵੇਨਿਊ ਦੀ ਰਿਕਵਰੀ ਲਈ ਚਲਾਈ ਜਾ ਰਹੀ ਮੁਹਿੰਮ
ਨਗਰ ਨਿਗਮ ਵਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਬਕਾਇਆ ਰੈਵੇਨਿਊ ਦੀ ਰਿਕਵਰੀ ਦੇ ਟਾਰਗੈੱਟ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਮਿਸ਼ਨਰ ਵਲੋਂ ਹਾਲ ਹੀ ਵਿਚ ਬੁਲਾਈ ਗਈ ਮੀਟਿੰਗ ਦੌਰਾਨ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਦੀ ਕਲਾਸ ਲਗਾਈ ਗਈ ਸੀ, ਜਿਸ ਦੇ ਤਹਿਤ ਜ਼ੋਨ-ਡੀ ਨੂੰ ਹਰ ਹਫਤੇ 75 ਲੱਖ ਦਾ ਜੁਰਮਾਨਾ ਵਸੂਲਣ ਦਾ ਟਾਰਗੈੱਟ ਦਿੱਤਾ ਗਿਆ ਹੈ, ਜਿਸ ਵਿਚ 2 ਦਿਨ ਦੇ ਅੰਦਰ 40 ਲੱਖ ਜੁਟਾਉਣ ਦਾ ਦਾਅਵਾ ਏ. ਟੀ. ਪੀ. ਹਨੀ ਵਲੋਂ ਰਿਕਵਰੀ ਮੀਟਿੰਗ ਦੌਰਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ
ਐੱਮ. ਬੀ. ਡੀ. ਮਾਲ ਨੇੜੇ ਵੀ ਰਿਹਾਇਸ਼ੀ ਨਕਸ਼ੇ ਦੀ ਆੜ ’ਚ ਹੋਟਲ ਬਣਵਾਉਣ ਦਾ ਹੋਇਆ ਖੁਲਾਸਾ
ਲੁਧਿਆਣਾ : ਨਗਰ ਨਿਗਮ ਵਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ’ਤੇ ਕੀਤੀ ਜਾ ਰਹੀ ਕਾਰਵਾਈ ਦੌਰਾਨ ਜ਼ੋਨ-ਡੀ ਦੇ ਮੁਲਾਜ਼ਮਾਂ ਵਲੋਂ ਸਰਾਭਾ ਨਗਰ ਦੀ ਤਰ੍ਹਾਂ ਐੱਮ. ਬੀ. ਡੀ. ਮਾਲ ਨੇੜੇ ਵੀ ਰਿਹਾਇਸ਼ੀ ਨਕਸ਼ੇ ਦੀ ਆੜ ’ਚ ਹੋਟਲ ਬਣਵਾਉਣ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਵਿਚ ਪਹਿਲਾਂ ਸਰਾਭਾ ਨਗਰ ਐੱਚ-ਬਲਾਕ ’ਚ ਹੋਟਲ ਬਣਵਾਇਆ ਗਿਆ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿਰੋਧ ’ਤੇ ਪਹਿਲਾਂ ਸੀਲ ਕੀਤਾ ਗਿਆ ਅਤੇ ਹੁਣ ਕੋਰਟ ਕੇਸ ਹੋਣ ਦੇ ਬਾਵਜੂਦ ਖੋਲ੍ਹ ਦਿੱਤਾ ਗਿਆ ਹੈ। ਹੁਣ ਫਿਰੋਜ਼ਪੁਰ ਰੋਡ ’ਤੇ ਵੀ ਐੱਮ. ਬੀ. ਡੀ. ਮਾਲ ਨੇੜੇ ਰਿਹਾਇਸ਼ੀ ਨਕਸ਼ੇ ਦੀ ਆੜ ’ਚ ਹੋਟਲ ਬਣਾਉਣ ਦੀ ਸ਼ਿਕਾਇਤ ਇਲਾਕੇ ਦੇ ਲੋਕਾਂ ਵਲੋਂ ਕੀਤੀ ਗਈ, ਜਿਸ ਨੂੰ ਸੀਲ ਕਰ ਦਿੱਤਾ ਗਿਆ।
