ਸਿਗਰਟ ਦਿਵਾਉਣ ਤੋਂ ਕੈਬ ਚਾਲਕ ਦਾ ਇਨਕਾਰ, ਕੁੜੀ ਨੇ ਪ੍ਰੇਮੀ ਤੋਂ ਕਰਵਾਈ ਕੁੱਟਮਾਰ

Thursday, Nov 27, 2025 - 01:56 PM (IST)

ਸਿਗਰਟ ਦਿਵਾਉਣ ਤੋਂ ਕੈਬ ਚਾਲਕ ਦਾ ਇਨਕਾਰ, ਕੁੜੀ ਨੇ ਪ੍ਰੇਮੀ ਤੋਂ ਕਰਵਾਈ ਕੁੱਟਮਾਰ

ਚੰਡੀਗੜ੍ਹ (ਸੁਸ਼ੀਲ) : ਡੇਰਾਬੱਸੀ ਤੋਂ ਉਬਰ ਕੈਬ ਕਰਕੇ ਸੈਕਟਰ-24 ਆ ਰਹੀ ਕੁੜੀ ਨੇ ਗੱਡੀ ਚਾਲਕ ਤੋਂ ਸਿਗਰਟ ਤੇ ਸ਼ਰਾਬ ਦੀ ਮੰਗ ਕੀਤੀ। ਚਾਲਕ ਨੇ ਇਨਕਾਰ ਕੀਤਾ ਤਾਂ ਉਸ ਨੇ ਮੋਬਾਇਲ ਤੋਂ ਮੈਸੇਜ ਕਰਕੇ ਪ੍ਰੇਮੀ ਨੂੰ ਬੁਲਾਇਆ। ਉਸ ਦਾ ਪ੍ਰੇਮੀ ਨੌਜਵਾਨ ਸਾਥੀਆਂ ਨਾਲ ਸੈਕਟਰ-24 ’ਚ ਪਹੁੰਚ ਗਿਆ। ਕੁੜੀ ਗੱਡੀ ਤੋਂ ਜਿਵੇਂ ਹੀ ਉਤਰੀ ਤਾਂ ਉਸ ਦੇ ਪ੍ਰੇਮੀ ਅਤੇ ਸਾਥੀਆਂ ਨੇ ਚਾਲਕ ਦੀ ਕੁੱਟਮਾਰ ਕੀਤੀ। ਚਾਲਕ ਕੁਲਦੀਪ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।

ਪੁਲਸ ਨੇ ਚਾਲਕ ਦਾ ਸੈਕਟਰ-16 ਜਨਰਲ ਹਸਪਤਾਲ ’ਚ ਮੈਡੀਕਲ ਕਰਵਾਇਆ। ਸੈਕਟਰ-11 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੇਰਾਬੱਸੀ ਵਾਸੀ ਕੈਬ ਚਾਲਕ ਕੁਲਦੀਪ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਬੁੱਧਵਾਰ ਸਵੇਰ ਉਸ ਨੇ ਬਰਵਾਲਾ ਰੋਡ ਡੇਰਾਬਸੀ ਤੋਂ ਕੁੜੀ ਨੂੰ ਉਬਰ ਬੁਕਿੰਗ ’ਤੇ ਪਿੱਕ ਕੀਤਾ ਸੀ। ਜਿਵੇਂ ਹੀ ਗੱਡੀ ਚੰਡੀਗੜ੍ਹ ’ਚ ਐਂਟਰ ਹੋਈ, ਕੁੜੀ ਨੇ ਕਿਹਾ ਕਿ ਉਹ ਗੀਤ ਸੁਣਨਾ ਚਾਹੁੰਦੀ ਹੈ ਅਤੇ ਅੱਗੇ ਦੀ ਸੀਟ ’ਤੇ ਬੈਠੇਗੀ। ਕੁਲਦੀਪ ਨੇ ਉਸ ਨੂੰ ਪਿੱਛੇ ਬੈਠਣ ਦੇ ਲਈ ਕਿਹਾ, ਕਿਉਂਕਿ ਉਹ ਇਕੱਲੀ ਸਵਾਰੀ ਸੀ। ਕੁਲਦੀਪ ਨੇ ਕਿਹਾ ਕਿ ਕੁੱਝ ਦੇਰ ਬਾਅਦ ਕੁੜੀ ਨੇ ਸਿਗਰਟ ਪੀਣ ਦੀ ਗੱਲ ਕਹੀ ਤਾਂ ਚਾਲਕ ਨੇ ਮਨ੍ਹਾਂ ਕਰ ਦਿੱਤਾ। ਫਿਰ ਕੁੜੀ ਨੇ ਸ਼ਰਾਬ ਪੀਣ ਦੀ ਗੱਲ ਕਹੀ, ਜਿਸ ’ਤੇ ਡਰਾਈਵਰ ਨੇ ਕਿਹਾ ਕਿ ਤੁਹਾਡੀ ਮਰਜ਼ੀ।
ਹਮਲੇ ’ਚ ਬਾਂਹ ਤੇ ਮੱਥੇ ’ਤੇ ਲੱਗੀਆਂ ਸੱਟਾਂ
ਇਸ ਦੌਰਾਨ ਕੁੜੀ ਲਗਾਤਾਰ ਫੋਨ ’ਤੇ ਮੈਸੇਜ ਕਰ ਰਹੀ ਸੀ। ਜਿਵੇਂ ਹੀ ਕੈਬ ਸੈਕਟਰ-24 ਪੁਲਸ ਚੌਂਕੀ ਕੋਲ ਪਹੁੰਚੀ, ਲਗਜ਼ਰੀ ਕਾਰ ’ਚ ਆਏ ਕੁੱਝ ਮੁੰਡੇ ਉਸ ਦੀ ਗੱਡੀ ਸਾਹਮਣੇ ਆ ਕੇ ਰੁਕੇ। ਉਨ੍ਹਾਂ ਨੇ ਕੁਲਦੀਪ ਨੂੰ ਬਾਹਰ ਕੱਢਿਆ ਅਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਤੇ ਕੁੱਟਮਾਰ ਕਰਕੇ ਕੁੜੀ ਨੂੰ ਲੈ ਕੇ ਫ਼ਰਾਰ ਹੋ ਗਏ। ਹਮਲੇ ’ਚ ਉਸ ਦੀ ਬਾਂਹ ਅਤੇ ਮੱਥੇ ’ਤੇ ਸੱਟਾਂ ਲੱਗੀਆਂ। ਚਾਲਕ ਨੇ ਪੁਲਸ ਕੰਟਰੋਲ ਰੂਮ ’ਤੇ ਕਾਲ ਕੀਤੀ। ਕੁੱਝ ਦੇਰ ਬਾਅਦ ਮੌਕੇ ’ਤੇ ਪੁਲਸ ਪਹੁੰਚੀ। ਕੁਲਦੀਪ ਨੇ ਸੈਕਟਰ-11 ਥਾਣਾ ਪੁਲਸ ਨੂੰ ਬਿਆਨ ਦਰਜ ਕਰਵਾਏ। ਪੁਲਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।


author

Babita

Content Editor

Related News