''ਸਿਦਕ'' ਤੋਂ ਬਾਅਦ ਸਿਡਨੀ ਦੇ ਇਸ ਸਿੱਖ ਬੱਚੇ ਦੇ ਭਵਿੱਖ ਨੂੰ ਲੈ ਕੇ ਮਾਪੇ ਪਰੇਸ਼ਾਨ

09/30/2017 12:48:49 PM

ਸਿਡਨੀ— ਵਿਦੇਸ਼ਾਂ 'ਚ ਰਹਿੰਦੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਕਈ ਵਾਰ ਅਜਿਹੇ ਹਲਾਤਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਤਰੇ 'ਚ ਪੈ ਜਾਂਦਾ ਹੈ। ਆਸਟ੍ਰੇਲੀਆ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਰਹਿੰਦਾ ਹੈ ਪਰ ਇੱਥੋਂ ਦੇ ਸਕੂਲਾਂ 'ਚ ਸਿੱਖ ਬੱਚਿਆਂ ਨੂੰ ਛੇਤੀ ਦਾਖਲਾ ਨਹੀਂ ਮਿਲਦਾ, ਇਸ ਦੇ ਪਿੱਛੇ ਦਾ ਕਾਰਨ ਬਸ ਇਹ ਹੈ ਕਿ ਉਹ ਸਿੱਖ ਹਨ ਅਤੇ ਦਸਤਾਰ ਬੰਨ੍ਹਦੇ ਹਨ। ਕੁਝ ਅਜਿਹੇ ਹੀ ਹਲਾਤਾਂ 'ਚੋਂ ਲੰਘ ਰਿਹਾ ਹੈ ਸਿਡਨੀ ਦੇ ਸ਼ਹਿਰ ਨਿਊ ਸਾਊਥ ਵੇਲਜ਼ 'ਚ ਰਹਿੰਦਾ ਇਕ ਸਿੱਖ ਪਰਿਵਾਰਾ। ਸਿਡਨੀ ਕੈਥੋਲਿਕ ਸਕੂਲ ਨੇ 5 ਸਾਲਾ ਤਵਨੂੰਰ ਸਿੰਘ ਨਾਂ ਦੇ ਬੱਚੇ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਹ ਸਿਰ 'ਤੇ ਪਟਕਾ ਬੰਨ੍ਹਦਾ ਹੈ। 
ਤਵਨੂੰਰ ਸਿੰਘ ਦੀ ਮਾਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਜਦੋਂ ਸਕੂਲ 'ਚ ਦਾਖਲਾ ਲੈ ਗਏ ਤਾਂ ਸਕੂਲ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਵਾਲ ਕਟਵਾਉਣੇ ਪੈਣਗੇ, ਕਿਉਂਕਿ ਇਹ ਉਨ੍ਹਾਂ ਦੀ ਡਰੈੱਸ ਨੀਤੀ ਮੁਤਾਬਕ ਸਹੀ ਨਹੀਂ ਹੈ। ਹਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਨੂੰ ਦੱਸਿਆ ਕਿ ਉਹ ਸਿੱਖ ਹਨ ਅਤੇ ਵਾਲ ਨਹੀਂ ਕਟਵਾ ਸਕਦੇ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਤਰ੍ਹਾਂ ਅਸੀਂ ਬੱਚੇ ਨੂੰ ਸਕੂਲ 'ਚ ਦਾਖਲਾ ਨਹੀਂ ਦੇ ਸਕਦੇ, ਕਿਉਂਕਿ ਉਹ ਸਕੂਲ 'ਚ ਬਿਲਕੁਲ ਵੱਖ ਨਜ਼ਰ ਆਵੇਗਾ ਅਤੇ ਬਾਕੀ ਧਰਮ ਦੇ ਬੱਚੇ ਵੀ ਵੱਖਰੀ ਡਰੈੱਸ ਪਹਿਨ ਕੇ ਆ ਸਕਦੇ ਹਨ। ਸਕੂਲ ਵਲੋਂ ਦਾਖਲਾ ਦੇਣ ਤੋਂ ਬਾਅਦ ਹੁਣ ਤਵਨੂੰਰ ਦਾ ਪਰਿਵਾਰ ਸਕੂਲ ਵਿਰੁੱਧ ਕਾਨੂੰਨੀ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਵਿਕਟੋਰੀਆ 'ਚ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇੱਥੇ 5 ਸਾਲ ਦੇ ਬੱਚੇ ਸਿਦਕ ਸਿੰਘ ਅਰੋੜਾ ਦੇ ਮਾਪਿਆਂ ਨੇ ਆਪਣੇ ਬੱਚੇ ਦੇ ਭਵਿੱਖ ਲਈ ਕਾਨੂੰਨੀ ਲੜਾਈ ਲੜੀ ਸੀ। ਮੈਲਟਨ ਕ੍ਰਿਸ਼ਚੀਅਨ ਸਕੂਲ ਨੇ ਉਨ੍ਹਾਂ ਦੇ ਬੱਚੇ ਨੂੰ ਪਟਕਾ ਬੰਨ੍ਹ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਿਦਕ ਅਰੋੜਾ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਵਿਕਟੋਰੀਅਨ ਸਿਵਲ ਪ੍ਰਸ਼ਾਸਨਕ ਟ੍ਰਿਬਿਊਨਲ 'ਚ ਇਸ ਕੇਸ ਨੂੰ ਦਾਇਰ ਕੀਤਾ ਸੀ ਅਤੇ ਉਨ੍ਹਾਂ ਨੇ ਬੱਚੇ ਦੇ ਪੱਖ 'ਚ ਫੈਸਲਾ ਸੁਣਾਇਆ ਸੀ। 
 


Related News