ਮੌਰੀਸਨ ਨੇ ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਯਾਤਰਾ ਪਾਬੰਦੀ ਸਬੰਧੀ ਲਿਆ ਅਹਿਮ ਫ਼ੈਸਲਾ

05/07/2021 10:59:37 AM

ਮੈਲਬੌਰਨ (ਭਾਸ਼ਾ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਤੋਂ ਸਵਦੇਸ਼ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ 'ਤੇ 15 ਮਈ ਤੱਕ ਲੱਗੀ ਯਾਤਰਾ ਪਾਬੰਦੀ ਅੱਗੇ ਨਹੀਂ ਵਧਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੂੰ ਸਵਦੇਸ਼ ਲਿਆਉਣ ਵਾਲੇ ਜਹਾਜ਼ ਜਲਦੀ ਹੀ ਉਡਾਣ ਭਰਨਗੇ। ਆਸਟ੍ਰੇਲੀਆਈ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਹਾਲ ਹੀ ਵਿਚ ਸਵਦੇਸ਼ ਪਰਤਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਤੱਕ ਦਾ ਸਮਾਂ ਬਿਤਾਉਣ ਵਾਲੇ ਆਪਣੇ ਨਾਗਰਿਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੈ।ਇਸ ਪਾਬੰਦੀ ਦੀ ਉਲੰਘਣਾ ਕਰਨ 'ਤੇ ਸਰਕਾਰ ਨੇ ਪੰਜ ਸਾਲ ਕੈਦ ਜਾਂ 50,889 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ। 

ਇਸ ਮਾਮਲੇ 'ਤੇ ਸਰਕਾਰ ਦੇ ਆਦੇਸ਼ ਦੀ ਮਿਆਦ 15 ਮਈ ਨੂੰ ਖ਼ਤਮ ਹੋ ਜਾਵੇਗੀ। ਰਾਸ਼ਟਰੀ ਸੁਰੱਖਿਆ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਦੇ ਬਾਅਦ ਮੌਰੀਸਨ ਨੇ ਇਸ 'ਤੇ ਸਹਿਮਤੀ ਜਤਾਈ ਕਿ ਇਸ ਮਿਆਦ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਹੈ।ਉਹਨਾਂ ਨੇ ਕਿਹਾ,''ਇਹ ਫ਼ੈਸਲਾ ਲਿਆ ਗਿਆ ਕਿ 15 ਮਈ ਤੱਕ ਦਾ ਸੁਰੱਖਿਆ ਆਦੇਸ਼ ਕਾਫੀ ਪ੍ਰਭਾਵੀ ਸਾਬਤ ਹੋਇਆ ਅਤੇ ਇਸ ਦੀ ਮਿਆਦ ਪੂਰੀ ਹੋਣ ਤੱਕ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।'' ਮੌਰੀਸਨ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਇਕ ਦਿਨ ਪਹਿਲਾਂ 73 ਸਾਲਾ ਆਸਟ੍ਰੇਲੀਆਈ ਨਾਗਰਿਕ ਨੇ ਸਿਡਨੀ ਦੀ ਸੰਘੀ ਅਦਾਲਤ ਵਿਚ ਪਾਬੰਦੀ ਨੂੰ ਚੁਣੌਤੀ ਦਿੱਤੀ। ਇਹ ਵਿਅਕਤੀ ਪਿਛਲੇ ਸਾਲ ਮਾਰਚ ਤੋਂ ਬੇਂਗਲੁਰੂ ਵਿਚ ਫਸਿਆ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਭਾਰਤੀ ਵੈਰੀਐਂਟ' ਨਾਲ ਪੀੜਤ ਹੋਇਆ ਸ਼ਖਸ, ਪਈਆਂ ਭਾਜੜਾਂ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ,''ਅਸੀਂ ਭਾਰਤ ਤੋਂ ਲੋਕਾਂ ਨੂੰ ਲਿਆਉਣ ਲਈ ਪਹਿਲਾ ਜਹਾਜ਼ ਭੇਜਣ ਦੀ ਤਿਆਰੀ ਕਰ ਰਹੇ ਹਾਂ।'' ਉਹਨਾਂ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਤਿੰਨ ਜਹਾਜ਼ ਭੇਜੇ ਜਾਣਗੇ ਜਿਸ ਨਾਲ ਆਸਟ੍ਰੇਲੀਆਈ ਨਾਗਰਿਕ ਵਾਪਸ ਆ ਸਕਣ। ਉਹਨਾਂ ਨੇ ਕਿਹਾ,''ਜਹਾਜ਼ 'ਤੇ ਸਵਾਰ ਹੋਣ ਵਾਲੇ ਹਰੇਕ ਸ਼ਖਸ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਜਾਵੇਗੀ। ਸਾਡੇ ਸਾਹਮਣੇ ਭਾਰਤ ਤੋਂ ਆਉਣ ਵਾਲੇ ਲੋਕਾਂ ਨਾਲ ਇਨਫੈਕਸ਼ਨ ਦੇ ਵੀ ਆਉਣ ਦਾ ਖਤਰਾ ਸੀ।'' ਮੌਰੀਸਨ ਨੇ ਕਿਹਾ ਕਿ ਇਹ ਹਾਲੇ ਸਪਸ਼ੱਟ ਨਹੀਂ ਹੈ ਕਿ ਭਾਰਤ ਵਿਚ ਫਸੇ 9000 ਆਸਟ੍ਰੇਲੀਆਈ ਨਾਗਰਿਕਾਂ ਵਿਚੋਂ ਕਿੰਨੇ ਕੋਵਿਡ-19 ਨਾਲ ਪੀੜਤ ਹੋਏ ਪਰ ਸਵਦੇਸ਼ ਪਰਤਣ ਲਈ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਨਾਲ ਪੀੜਤ ਨਾ ਪਾਏ ਜਾਣ ਦੀ ਰਿਪੋਰਟ ਦੇਣੀ ਹੋਵੇਗੀ। ਉਹਨਾਂ ਨੇ ਕਿਹਾ,''ਸੁਰੱਖਿਆ ਯਕੀਨੀ ਕਰਨ ਲਈ ਅਸੀਂ ਰੈਪਿਡ ਐਂਟੀਜਨ ਜਾਂਚ ਕਰਾਂਗੇ ਕਿਉਂਕਿ ਸਾਡੇ 'ਤੇ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਵਾਪਸ ਲਿਆਉਣ ਦੇ ਨਾਲ-ਨਾਲ ਦੇਸ਼ ਵਿਚ ਇਨਫੈਕਸ਼ਨ ਫੈਲਣ ਦਾ ਖਤਰਾ ਵੀ ਘੱਟ ਤੋਂ ਘੱਟ ਹੋਵੇ।''

ਨੋਟ- ਮੌਰੀਸਨ ਨੇ ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News