ਸਕਾਟਲੈਂਡ ''ਚ ਬੱਚਿਆਂ ਨੂੰ ਜਲਦੀ ਹੀ ਲੱਗ ਸਕਦੀ ਹੈ ਕੋਰੋਨਾ ਵਾਇਰਸ ਵੈਕਸੀਨ
Wednesday, Mar 10, 2021 - 12:52 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਮਹਾਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਅਭਿਆਨ ਦੌਰਾਨ ਟੀਕਾਕਰਨ ਦੀ ਪਹਿਲ ਵਧੇਰੀ ਉਮਰ ਦੇ ਸਮੂਹਾਂ 'ਤੇ ਕੇਂਦਰਿਤ ਰਹੀ ਹੈ ਅਤੇ ਇਹ ਹੁਣ ਪੜਾਅਵਾਰ ਛੋਟੀ ਉਮਰ ਦੇ ਸਮੂਹਾਂ ਵੱਲ ਵੱਧ ਰਹੀ ਹੈ। ਜਦਕਿ ਸਰਕਾਰ ਦਾ ਟੀਚਾ ਇਸ ਸਾਲ ਜੁਲਾਈ ਦੇ ਅਖੀਰ ਤਕ ਸਕਾਟਲੈਂਡ ਦੀ ਸਾਰੀ ਬਾਲਗ ਆਬਾਦੀ ਨੂੰ ਟੀਕਾ ਲਗਾਉਣ ਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 12 ਸਾਲਾ ਲੜਕੇ ਨੇ 1,600 ਤੋਂ ਵੱਧ ਲੋਕਾਂ ਦੀ ਕੋਰੋਨਾ ਟੀਕਾ ਲਗਵਾਉਣ 'ਚ ਕੀਤੀ ਸਹਾਇਤਾ
ਹਾਲਾਂਕਿ, ਬੱਚਿਆਂ ਦੇ ਟੀਕਾਕਰਨ ਸੰਬੰਧੀ ਘੱਟ ਚਰਚਾ ਕੀਤੀ ਗਈ ਹੈ, ਕਿਉਂਕਿ ਛੋਟੇ ਬੱਚਿਆਂ ਵਿੱਚ ਬਿਮਾਰੀ ਫੈਲਣ ਦੀ ਪ੍ਰਵਾਹ ਘੱਟ ਹੈ। ਬੱਚਿਆਂ ਦੇ ਕੋਰੋਨਾ ਟੀਕਾਕਰਨ ਸੰਬੰਧੀ ਸ਼ੁੱਕਰਵਾਰ ਨੂੰ ਸਕਾਟਲੈਂਡ ਦੇ ਰਾਸ਼ਟਰੀ ਕਲੀਨਿਕਲ ਡਾਇਰੈਕਟਰ ਜੇਸਨ ਲੀਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੇ ਬੱਚਿਆਂ ਦਾ ਵੀ ਜਲਦੀ ਹੀ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ। ਲੀਚ ਅਨੁਸਾਰ ਸਕਾਟਲੈਂਡ ਅਤੇ ਦੁਨੀਆ ਭਰ ਵਿੱਚ ਬੱਚਿਆਂ ਪ੍ਰਤੀ ਟੀਕਾਕਰਨ ਦੇ ਪ੍ਰੀਖਣ ਚੱਲ ਰਹੇ ਹਨ ਅਤੇ ਉਮੀਦ ਹੈ ਕਿ ਬੱਚਿਆਂ ਨੂੰ ਪੱਤਝੜ ਤੱਕ ਵੈਕਸੀਨ ਦਿੱਤੀ ਜਾ ਸਕਦੀ ਹੈ। ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਤਕਰੀਬਨ 1,717,672 ਲੋਕ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਗਵਾ ਚੁੱਕੇ ਹਨ ਅਤੇ 108,197 ਲੋਕਾਂ ਨੂੰ ਇਸ ਦੀ ਦੂਜੀ ਖੁਰਾਕ ਮਿਲੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।