ਮਿਡਲ ਈਸਟ ਜੰਗ ਖ਼ਤਮ ਹੋਣ ਮਗਰੋਂ ਰੂਸ-ਯੂਕ੍ਰੇਨ ਵਿਚਾਲੇ ਹਮਲੇ ਹੋ ਗਏ ਤੇਜ਼ ! ਸਾਰੀ ਰਾਤ ਕੰਬਦਾ ਰਿਹਾ ਕੀਵ

Thursday, Jul 02, 2026 - 10:40 AM (IST)

ਮਿਡਲ ਈਸਟ ਜੰਗ ਖ਼ਤਮ ਹੋਣ ਮਗਰੋਂ ਰੂਸ-ਯੂਕ੍ਰੇਨ ਵਿਚਾਲੇ ਹਮਲੇ ਹੋ ਗਏ ਤੇਜ਼ ! ਸਾਰੀ ਰਾਤ ਕੰਬਦਾ ਰਿਹਾ ਕੀਵ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ ਖ਼ਤਮ ਹੋਣ ਤੋਂ ਬਾਅਦ ਰੂਸ-ਯੂਕ੍ਰੇਨ ਵਿਚਾਲੇ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਇਸੇ ਦੌਰਾਨ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਵੀਰਵਾਰ ਰਾਤ ਭਰ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਿਆਨਕ ਹਮਲੇ ਕੀਤੇ। ਇਸ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਹਮਲੇ ਇੰਨੇ ਭਿਆਨਕ ਸੀ ਕਿ ਕਈ ਘੰਟਿਆਂ ਤੱਕ ਪੂਰਾ ਸ਼ਹਿਰ ਗੂੰਜਦਾ ਰਿਹਾ ਅਤੇ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਇਸ ਹਮਲੇ ਮਗਰੋਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮਗਰੋਂ ਹਜ਼ਾਰਾਂ ਲੋਕ ਆਪਣੀ ਜਾਨ ਬਚਾਉਣ ਲਈ ਮੈਟਰੋ ਸਟੇਸ਼ਨਾਂ ਦੇ ਅੰਦਰ ਪਨਾਹ ਲੈ ਰਹੇ ਹਨ। ਕੀਵ ਦੇ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤਿਮੂਰ ਤਕਾਚੈਂਕੋ ਮੁਤਾਬਕ, ਹਮਲੇ ਕਾਰਨ ਰਿਹਾਇਸ਼ੀ ਇਮਾਰਤਾਂ ਸਮੇਤ 28 ਵੱਖ-ਵੱਖ ਥਾਵਾਂ 'ਤੇ ਭਾਰੀ ਨੁਕਸਾਨ ਹੋਇਆ ਹੈ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਦਾਰਨਿਤਸਕੀ ਜ਼ਿਲ੍ਹੇ ਵਿੱਚ ਇੱਕ 9 ਮੰਜ਼ਿਲਾ ਇਮਾਰਤ ਦੇ 6 ਫਲੋਰ ਪੂਰੀ ਤਰ੍ਹਾਂ ਢਹਿ ਗਏ। ਹੋਲੋਸੀਵਸਕੀ ਜ਼ਿਲ੍ਹੇ ਵਿੱਚ 16 ਮੰਜ਼ਿਲਾ ਇਮਾਰਤ ਦੀ ਛੱਤ ਨੂੰ ਅੱਗ ਲੱਗ ਗਈ ਅਤੇ ਦੇਸਨਿਆਂਸਕੀ ਜ਼ਿਲ੍ਹੇ ਵਿੱਚ 9 ਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਕਈ ਲੋਕ ਫਸ ਗਏ, ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਰੂਸ ਨੇ ਕੀਵ 'ਤੇ ਆਪਣੇ ਹਮਲੇ ਬਹੁਤ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ, ਯੂਕ੍ਰੇਨ ਵੀ ਰੂਸ ਦੇ ਅੰਦਰੂਨੀ ਫ਼ੌਜੀ ਟਿਕਾਣਿਆਂ ਅਤੇ ਊਰਜਾ ਪਲਾਂਟਾਂ 'ਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ ਹੈ, ਜਿਸ ਕਾਰਨ ਰੂਸ ਦੇ ਅੰਦਰ ਈਂਧਨ ਦੀ ਕਮੀ ਹੋ ਗਈ ਹੈ ਅਤੇ ਉਸ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਰੂਸ ਤੋਂ ਭਾਰਤ ਨੂੰ ਆਉਣ ਵਾਲੀ ਤੇਲ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।


author

Harpreet SIngh

Content Editor

Related News