''ਹੁਣ ਬੰਦ ਕਰ ਦਿਓ ਹਮਲੇ..!'' ਅਮਰੀਕੀ ਨਾਗਰਿਕ ਦੀ ਜਾਨ ਜਾਣ ਮਗਰੋਂ US ਨੂੰ ਵੀ ਲੱਗਾ ਜੰਗ ਦਾ ਸੇਕ
Sunday, Oct 11, 2026 - 10:47 AM (IST)
ਇੰਟਰਨੈਸ਼ਨਲ ਡੈਸਕ- ਯਮਨ ਦੇ ਇਰਾਨ-ਸਮਰਥਿਤ ਹੂਤੀਆਂ ਵੱਲੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ 'ਤੇ ਕੀਤੇ ਗਏ ਭਿਆਨਕ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 309 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮ੍ਰਿਤਕਾਂ 'ਚ 1 ਅਮਰੀਕੀ ਨਾਗਰਿਕ ਵੀ ਸ਼ਾਮਲ ਹੈ। ਸਾਊਦੀ ਅਰਬ ਦੇ ਜਨਰਲ ਅਥਾਰਟੀ ਆਫ਼ ਸਿਵਲ ਐਵੀਏਸ਼ਨ (GACA) ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਅੰਤਰਰਾਸ਼ਟਰੀ ਪੱਧਰ 'ਤੇ ਸਖ਼ਤ ਵਿਰੋਧ ਜਤਾਇਆ ਹੈ।
ਸਾਊਦੀ ਐਵੀਏਸ਼ਨ ਅਥਾਰਟੀ (GACA) ਵੱਲੋਂ ਐਤਵਾਰ ਨੂੰ ਜਾਰੀ ਅਧਿਕਾਰਤ ਬਿਆਨ ਅਨੁਸਾਰ, ਹਮਲੇ 'ਚ ਮਾਰੇ ਗਏ 12 ਲੋਕਾਂ 'ਚ 4 ਸਾਊਦੀ ਨਾਗਰਿਕਾਂ ਤੋਂ ਇਲਾਵਾ 1 ਅਮਰੀਕੀ, 2 ਬੰਗਲਾਦੇਸ਼ੀ, 1 ਮਿਸਰ, 1 ਜਾਰਡਨ, 1 ਸੀਰੀਆ, 1 ਫਲਸਤੀਨੀ ਅਤੇ 1 ਸੁਡਾਨ ਦਾ ਨਾਗਰਿਕ ਸ਼ਾਮਲ ਹੈ। 309 ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਹਮਲੇ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਏਅਰਲਾਈਨ ਅਕਾਸਾ ਏਅਰ ਅਤੇ ਕੁਵੈਤ ਏਅਰਵੇਜ਼ ਸਣੇ ਕਈ ਗਲੋਬਲ ਏਅਰਲਾਈਨਾਂ ਨੇ ਰਿਆਧ ਜਾਣ ਵਾਲੀਆਂ ਆਪਣੀਆਂ ਉਡਾਣਾਂ 13 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਜਾਪਾਨ ਅਤੇ ਸਪੇਨ ਨੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਕੇ ਏਅਰਪੋਰਟ ਖੇਤਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤ ਸਣੇ ਪੂਰੀ ਦੁਨੀਆ 'ਤੇ ਪਾਬੰਦੀਆਂ ਲਾ ਕੇ ਹੁਣ ਖ਼ੁਦ ਰੂਸ ਤੋਂ ਤੇਲ ਖਰੀਦੇਗਾ ਅਮਰੀਕਾ ! ਹਰ ਪਾਸੇ ਛਿੜੀ ਚਰਚਾ
ਇਸ ਹਮਲੇ ਦੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਐਕਸ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਅਮਰੀਕਾ ਸਾਊਦੀ ਅਰਬ 'ਤੇ ਅੱਤਵਾਦੀ ਹੂਤੀਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ, ਜਿਸ 'ਚ ਇੱਕ ਅਮਰੀਕੀ ਨਾਗਰਿਕ ਸਮੇਤ ਕਈ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ। ਇਹ ਕਾਇਰਾਨਾ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਅਸੀਂ ਸਾਊਦੀ ਅਰਬ ਅਤੇ ਉਸ ਦੇ ਲੋਕਾਂ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ।"
ਯੂ.ਐੱਨ. ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਆਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹਨ। ਇਸ ਤੋਂ ਇਲਾਵਾ ਮਿਸਰ, ਕਤਰ ਅਤੇ ਫਲਸਤੀਨੀ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਹਮਲਾ 6 ਅਤੇ 7 ਅਕਤੂਬਰ ਨੂੰ ਅਬਹਾ ਅਤੇ ਰਿਆਧ ਏਅਰਪੋਰਟ 'ਤੇ ਹੋਏ ਹਮਲਿਆਂ ਤੋਂ ਬਾਅਦ ਸਭ ਤੋਂ ਭਿਆਨਕ ਘਟਨਾ ਹੈ। ਸਾਊਦੀ ਅਰਬ, ਤੁਰਕੀ ਅਤੇ ਸਾਊਦੀ-ਪਾਕਿਸਤਾਨੀ ਰੱਖਿਆ ਸਮਝੌਤੇ 'ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ' ਤੋਂ ਬਾਅਦ ਹੂਤੀਆਂ ਵੱਲੋਂ ਇਸ ਖੇਤਰੀ ਜੰਗ ਨੂੰ ਹੋਰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪੂਰੇ ਮੱਧ ਪੂਰਬ 'ਚ ਹਵਾਈ ਆਵਾਜਾਈ ਅਤੇ ਤੇਲ ਦੀਆਂ ਕੀਮਤਾਂ 'ਤੇ ਵੱਡਾ ਅਸਰ ਪੈਣ ਦੇ ਆਸਾਰ ਹਨ।
ਇਹ ਵੀ ਪੜ੍ਹੋ- 'ਮੈਨੂੰ ਘੱਟੋ-ਘੱਟ 8 ਨੋਬਲ ਮਿਲਣੇ ਚਾਹੀਦੇ..!', ਭਾਰਤੀ ਮੂਲ ਦੀ ਨਵੀ ਨੂੰ ਨੋਬਲ ਪੁਰਸਕਾਰ ਮਿਲਣ 'ਤੇ ਭੜਕੇ ਟਰੰਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
