''ਪੂਰੇ ਖੇਤਰ ਲਈ ਪੈਦਾ ਹੋ ਜਾਏਗਾ ਖ਼ਤਰਾ..!'', ਰੂਸ ਨੇ ਪਾਕਿ-ਅਫ਼ਗਾਨ ਜੰਗ ''ਤੇ ਜਤਾਈ ਚਿੰਤਾ
Sunday, Oct 04, 2026 - 04:01 PM (IST)
ਇੰਟਰਨੈਸ਼ਨਲ ਡੈਸਕ- ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਛਿੜੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆ 'ਚ ਕੀਤੀ ਗਈ ਏਅਰਸਟ੍ਰਾਈਕ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ। ਆਮ ਨਾਗਰਿਕਾਂ 'ਤੇ ਹੋਏ ਇਨ੍ਹਾਂ ਹਮਲਿਆਂ ਤੇ ਜਾਨੀ-ਮਾਲੀ ਨੁਕਸਾਨ 'ਤੇ ਰੂਸ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਕਾਬੁਲ ਸਥਿਤ ਰੂਸੀ ਅੰਬੈਸੀ ਨੇ ਇੱਕ ਬਿਆਨ ਜਾਰੀ ਕਰਦਿਆਂ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਅਤੇ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਹੈ।
ਰੂਸੀ ਅੰਬੈਸੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਰਹੱਦ ਅੰਦਰ ਹੋਏ ਹਮਲਿਆਂ 'ਚ ਆਮ ਨਾਗਰਿਕਾਂ, ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਬੇਹੱਦ ਚਿੰਤਾਜਨਕ ਹਨ। ਰੂਸ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਅਫ਼ਗਾਨਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' (TTP) ਦੇ ਸ਼ੱਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੀ ਸੀ। ਹਾਲਾਂਕਿ, ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਅੱਤਵਾਦੀਆਂ ਦੀ ਬਜਾਏ ਬੇਗੁਨਾਹ ਆਮ ਨਾਗਰਿਕ ਮਾਰੇ ਗਏ ਹਨ।
ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧਦਾ ਇਹ ਫੌਜੀ ਤਣਾਅ ਪੂਰੇ ਦੱਖਣੀ ਅਤੇ ਮੱਧ ਏਸ਼ੀਆਈ ਖੇਤਰ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ। ਰੂਸ ਨੇ ਦੋਵਾਂ ਗੁਆਂਢੀ ਦੇਸ਼ਾਂ ਨੂੰ ਜੰਗ ਛੱਡ ਕੇ ਕੂਟਨੀਤਕ ਗੱਲਬਾਤ ਰਾਹੀਂ ਵਿਵਾਦ ਹੱਲ ਕਰਨ ਦੀ ਸਲਾਹ ਦਿੱਤੀ ਹੈ।
