Cold War ਦਾ ਰੂਪ ਧਾਰ ਗਈ ਮਿਡਲ ਈਸਟ ਦੀ ਜੰਗ ! ਹੁਣ ਅਦਨ ਦੇ ਏਅਰਪੋਰਟ ''ਤੇ ਹੋ ਗਿਆ ਮਿਜ਼ਾਈਲ ਹਮਲਾ
Saturday, Oct 17, 2026 - 10:45 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਦੀ ਜੰਗ ਹੁਣ ਇਕ 'ਕੋਲਡ ਵਾਰ' ਦਾ ਰੂਪ ਧਾਰਨ ਕਰ ਗਈ ਹੈ। ਇਹ ਦੋਵੇਂ ਦੇਸ਼ ਤਾਂ ਹੁਣ ਇਕ ਦੂਜੇ 'ਤੇ ਹਮਲੇ ਨਹੀਂ ਕਰ ਰਹੇ, ਪਰ ਇਨ੍ਹਾਂ ਦੇ ਸਹਿਯੋਗੀ ਦੇਸ਼ ਸਾਊਦੀ ਅਰਬ ਅਤੇ ਯਮਨ ਦੇ ਹੂਤੀ ਆਪਸੀ ਜੰਗ 'ਚ ਉਲਝ ਗਏ ਹਨ। ਇਸੇ ਦੌਰਾਨ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਰਾਤ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ 2 ਮਿਜ਼ਾਈਲਾਂ ਦਾਗੇ ਜਾਣ ਦੀ ਖ਼ਬਰ ਹੈ। ਸਥਾਨਕ ਪੁਲਸ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਅਦਨ ਏਅਰਪੋਰਟ 'ਤੇ ਇਹ ਦੂਜਾ ਮਿਜ਼ਾਈਲ ਹਮਲਾ ਹੈ।
ਯਮਨ ਦੇ ਸੂਚਨਾ ਮੰਤਰੀ ਅਨੁਸਾਰ, ਦੋਵੇਂ ਮਿਜ਼ਾਈਲਾਂ 'ਯਮਨੀਆ ਏਅਰਵੇਜ਼' ਦੇ ਇੱਕ ਯਾਤਰੀ ਜਹਾਜ਼ ਤੋਂ ਸਿਰਫ਼ 500 ਮੀਟਰ ਦੀ ਦੂਰੀ 'ਤੇ ਡਿੱਗੀਆਂ, ਜੋ ਉਸ ਸਮੇਂ ਟੇਕਆਫ਼ ਕਰਨ ਦੀ ਤਿਆਰੀ ਕਰ ਰਿਹਾ ਸੀ। ਖ਼ੁਸ਼ਕਿਸਮਤੀ ਨਾਲ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ- ਭਾਰਤ 'ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ 'ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
ਹੂਤੀਆਂ ਦੇ ਸੰਚਾਲਨ ਵਾਲੀ ਨਿਊਜ਼ ਏਜੰਸੀ 'ਸਬਾ' ਅਨੁਸਾਰ, ਹੂਤੀ ਬਾਗ਼ੀਆਂ ਨੇ ਹਵਾਈ ਅੱਡੇ ਨਾਲ ਲੱਗਦੇ ਉਸ ਫੌਜੀ ਅੱਡੇ ਅਤੇ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਸੀ, ਜਿੱਥੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਤਾਇਨਾਤ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਹੂਤੀਆਂ ਨੇ ਅਦਨ ਸਥਿਤ ਸਰਕਾਰੀ ਮੁੱਖ ਦਫ਼ਤਰ 'ਤੇ ਵੀ ਮਿਜ਼ਾਈਲ ਹਮਲਾ ਕੀਤਾ ਸੀ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਸੀ ਤੇ 7 ਅਕਤੂਬਰ ਨੂੰ ਵੀ ਅਦਨ ਹਵਾਈ ਅੱਡੇ 'ਤੇ 2 ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਪੱਛਮੀ ਏਸ਼ੀਆ 'ਚ ਵਧਦੇ ਤਣਾਅ ਵਿਚਾਲੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਅਤੇ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦੋਵਾਂ 'ਤੇ ਹਮਲੇ ਲਗਾਤਾਰ ਤੇਜ਼ ਕੀਤੇ ਜਾ ਰਹੇ ਹਨ, ਜਿਸ ਕਾਰਨ ਹਾਲਾਤ ਦਿਨੋ-ਦਿਨ ਤਣਾਅਪੂਰਨ ਬਣਦੇ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
