130 ਦੇਸ਼ਾਂ ਦੇ ਰੈਸਟੋਰੈਂਟਾਂ ਨੇ ਮਨਾਇਆ ਵਿਸ਼ਵ ਪਾਸਤਾ ਡੇਅ

Saturday, Oct 26, 2019 - 12:22 AM (IST)

ਰੋਮ/ਇਟਲੀ (ਕੈਂਥ)- ਪਾਸਤਾ ਜਿਹੜਾ ਕਿ ਪੂਰੀ ਦੁਨੀਆਂ ਨੂੰ ਇਟਲੀ ਦੀ ਦੇਣ ਹੈ ਇਸ ਦਾ ਸੁਆਦ ਇਟਾਲੀਅਨ ਲੋਕਾਂ ਨੇ ਇਟਲੀ ਦੇ ਸੂਬੇ ਸਚੀਲੀਆ ਵਿਖੇ ਸੰਨ 1154 ਈ: 'ਚ ਪਹਿਲੀ ਵਾਰ ਚੱਖਿਆ। ਪਾਸਤਾ ਇੱਕ ਨੂਡਲ ਹੈ ਜਿਸ ਨੂੰ ਮੈਦੇ, ਦਾਲਾਂ, ਕਣਕ ਅਤੇ ਮੱਕੀ ਦੇ ਆਟੇ 'ਚ ਪਾਣੀ ਜਾਂ ਅੰਡੇ ਨਾਲ ਤਿਆਰ ਕੀਤਾ ਜਾ ਸਕਦੇ ਹਨ। ਆਮ ਕਰਕੇ ਇਸ ਨੂੰ ਸੁੱਕਾ ਅਤੇ ਤਾਜ਼ਾ ਪਾਸਤੇ ਵਜੋਂ ਜਾਣਿਆ ਜਾਂਦਾ ਹੈ। ਪਾਸਤੇ ਬਿਨਾਂ ਇਟਾਲੀਅਨ ਖਾਣਾ ਅਧੂਰਾ ਹੈ। ਪਾਸਤਾ ਇਟਲੀ ਦੇ 42% ਨੌਜਵਾਨ ਵਰਗ ਲਈ ਪਸੰਦੀਦਾ ਡਿਸ਼ ਹੈ, ਜਦੋਂ ਕਿ 10 ਇਟਾਲੀਅਨ ਵਿੱਚੋਂ 9 ਇਟਾਲੀਅਨ ਲੋਕ ਹਰ ਰੋਜ਼ ਪਾਸਤਾ ਖਾਂਦੇ ਹਨ।

ਇਟਲੀ ਅਤੇ ਯੂਰਪ 'ਚ ਜਿਹੜੀ ਸਭ ਤੋਂ ਵਧੀਆ ਪਾਸਤੇ ਦੀ ਪਲੇਟ ਭਾਵ ਚਿੰਨ ਮੰਨੀ ਜਾਂਦੀ ਹੈ। ਉਹ ਹੈ ਸਪੇਗੇਤੀ ਟਮਾਟਰ ਤੇ ਤੁਲਸੀ ਨਾਲ ਜਿਸ ਨੂੰ ਯੂਰਪੀਅਨ ਲੋਕ ਬਹੁਤ ਖੁਸ਼ ਹੋਕੇ ਖਾਂਦੇ ਹਨ। ਇਟਲੀ ਦਾ ਪਾਸਤਾ ਪੂਰੀ ਦੁਨੀਆ 'ਚ ਖਾਣੇ ਦੇ ਬੇਤਾਜ ਬਾਦਸ਼ਾਹ ਵਜੋਂ ਅਹਿਮ ਸਥਾਨ ਰੱਖਦਾ ਹੈ। ਪਹਿਲਾਂ-ਪਹਿਲ ਪਾਸਤੇ ਨੂੰ ਲੋਕਾਂ ਨੇ ਆਪਣੇ ਖਾਣੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਨਹੀਂ ਕੀਤਾ ਸੀ ਪਰ ਹੁਣ ਦੁਨੀਆਂ ਵਿੱਚ ਪਾਸਤਾ ਖਾਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ 10 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।

ਹਰ ਸਾਲ 9 ਤੋਂ 15 ਮਿਲੀਅਨ ਟਨ ਪਾਸਤੇ ਦੀ ਖਪਤ ਹੋ ਰਹੀ ਹੈ। ਹਰ ਸਾਲ ਇਟਾਲੀਅਨ ਫੂਡ ਯੂਨੀਅਨ ਅਤੇ ਇੰਟਰਨੈਸ਼ਨਲ ਪਾਸਤਾ ਆਰਗੇਨਾਈਜ਼ੇਸ਼ਨ ਵੱਲੋਂ 25 ਅਕਤੂਬਰ ਨੂੰ ਪਾਸਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਵਸ 25 ਅਕਤੂਬਰ 1995 ਤੋਂ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਪੂਰੀ ਦੁਨੀਆਂ ਨੂੰ ਜਿੱਥੇ ਚੰਗੇ ਖਾਣਿਆਂ ਪ੍ਰਤੀ ਜਾਗਰੂਕ ਕਰਨਾ ਹੈ, ਉੱਥੇ ਹੀ ਪਾਸਤੇ ਦੀ ਗੁਣਵੱਤਾ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਵਾਰ ਵਿਸ਼ਵ ਪਾਸਤਾ ਦਿਵਸ 18 ਅਕਤੂਬਰ ਤੋਂ 25 ਅਕਤੂਬਰ ਤੱਕ ਮਨਾਇਆ ਗਿਆ, ਜਿਸ ਵਿੱਚ ਦੁਨੀਆਂ ਭਰ ਦੇ 130 ਉੱਚ-ਕੋਟੀ ਦੇ ਰੈਸਟੋਰੈਂਟਾਂ ਨੇ ਭਾਗ ਲਿਆ। ਸੰਨ 2019 ਦੇ ਵਿਸ਼ਵ ਪਾਸਤਾ ਦਿਵਸ ਦਾ ਜੋ ਪਾਸਤਾ ਮਾਹਿਰਾਂ ਨੇ ਅਹਿਮ ਮੁੱਦਾ ਚੁੱਣਿਆ ਉਹ ਸੀ ਕਿ ਸੰਨ 2050 ਵਿੱਚ ਲੋਕ ਕਿਸ ਤਰ੍ਹਾਂ ਦਾ ਪਾਸਤਾ ਖਾਣਗੇ।

ਇਸ ਮੁੱਦੇ 'ਤੇ 130 ਦੇਸ਼ਾਂ ਦਾ ਪਾਸਤਾ ਬਣਾਉਣ ਦੇ ਮਾਹਿਰਾਂ ਨੇ ਆਪਣੇ-ਆਪਣੇ ਢੰਗ ਨਾਲ ਪਾਸਤਾ ਤਿਆਰ ਕੀਤਾ, ਜਿਸ ਨੂੰ ਮੰਨਿਆ ਜਾ ਸਕਦਾ ਹੈ ਕਿ ਸੰਨ 2050 ਵਿੱਚ ਲੋਕ ਇਸ ਤਰ੍ਹਾਂ ਦਾ ਪਾਸਤਾ ਖਾ ਸਕਦੇ ਹਨ। ਵਿਸ਼ਵ ਪਾਸਤਾ ਦਿਵਸ ਮੌਕੇ ਇਹ ਵੀ ਵਿਚਾਰਿਆ ਗਿਆ ਕਿ ਪਾਸਤਾ ਇੱਕ ਬਹੁਤ ਵਧੀਆ ਇਤਾਲਵੀ ਪਕਵਾਨ ਹੈ, ਜਿਹੜਾ ਕਿ ਸੁਆਦਲਾ ਹੋਣ ਦੇ ਨਾਲ-ਨਾਲ ਮੈਡੀਟੇਰੀਅਨ ਖੁਰਾਕ ਦਾ ਪ੍ਰਤੀਕ ਵੀ ਹੈ। ਜੇਕਰ ਦੁਨੀਆਂ ਭਰ ਦੀਆਂ ਡਿਸ਼ਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਖਾਣੇ ਦੀ ਥਾਲੀ ਵਿੱਚ 4 ਡਿਸ਼ਾਂ ਵਿੱਚੋ ਇੱਕ ਡਿਸ਼ ਇਟਾਲੀਅਨ ਹੁੰਦੀ ਹੈ। ਇਟਲੀ ਵਿੱਚ 120 ਕੰਪਨੀਆਂ ਪਾਸਤੇ ਲਈ ਅਹਿਮ ਹਨ ਜਿਹੜੀਆਂ ਕਿ ਸਲਾਨਾ 5 ਅਰਬ ਯੂਰੋ ਦਾ ਕਾਰੋਬਾਰ ਕਰਦੀਆਂ ਹਨ ਜਿਹਨਾਂ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੈ।


Sunny Mehra

Content Editor

Related News